ਮਾਡਲ ਟਾਊਨ ਤੇ 66 ਫੁੱਟੀ ਰੋਡ ''ਤੇ ਚੱਲੀਆਂ ਡਿੱਚ ਮਸ਼ੀਨਾਂ

08/18/2017 7:16:44 AM

ਜਲੰਧਰ, (ਖੁਰਾਣਾ)- ਨਗਰ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਦੇ ਨਿਰਦੇਸ਼ਾਂ 'ਤੇ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਸ਼ਹਿਰ ਦੇ ਪਾਸ਼ ਇਲਾਕਿਆਂ ਮਾਡਲ ਟਾਊਨ ਤੇ 66 ਫੁੱਟੀ ਰੋਡ 'ਤੇ ਡਿੱਚ ਮਸ਼ੀਨਾਂ ਨਾਲ ਕਾਰਵਾਈ ਕਰ ਕੇ ਨਾਜਾਇਜ਼ ਤੌਰ 'ਤੇ ਬਣਾਈਆਂ ਗਈਆਂ ਕਮਰਸ਼ੀਅਲ ਬਿਲਡਿੰਗਾਂ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਇਕ ਬਿਲਡਿੰਗ ਨੂੰ ਸੀਲ ਕੀਤਾ ਗਿਆ।  ਇਹ ਕਾਰਵਾਈ ਏ. ਟੀ. ਪੀ. ਰਾਜਿੰਦਰ ਸ਼ਰਮਾ ਦੀ ਅਗਵਾਈ ਵਿਚ ਕੀਤੀ ਗਈ। ਇਸ ਦੌਰਾਨ ਬਿਲਡਿੰਗ ਇੰਸ. ਵਰਿੰਦਰ ਕੌਰ ਤੇ ਹੋਰ ਨਿਗਮ ਕਰਮਚਾਰੀ ਤੇ ਭਾਰੀ ਪੁਲਸ ਫੋਰਸ ਮੌਜੂਦ ਸੀ।
ਨਿਗਮ ਨੇ ਪਹਿਲੀ ਕਾਰਵਾਈ ਮਾਡਲ ਟਾਊਨ ਮਾਰਕੀਟ ਪ੍ਰਕਾਸ਼ ਨਗਰ ਰੋਡ 'ਤੇ ਮਾਤਾ ਰਾਣੀ ਚੌਕ ਦੇ ਨੇੜੇ ਕੀਤੀ, ਜਿੱਥੇ ਕੁਝ ਹਫਤੇ ਪਹਿਲਾਂ ਇਕ ਕੋਠੀ ਦੇ ਅੱਗੇ ਸਟਰੱਕਚਰ ਖੜ੍ਹਾ ਕਰ ਕੇ ਉਥੇ ਕਮਰਸ਼ੀਅਲ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਇਹ ਮਾਮਲਾ ਵਿਧਾਇਕ ਪਰਗਟ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਨ੍ਹਾਂ ਨੇ ਇਸ ਨਾਜਾਇਜ਼ ਉਸਾਰੀ ਬਾਰੇ ਨਿਗਮ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ। ਨਿਗਮ ਨੇ ਜਿੱਥੇ ਨਾਜਾਇਜ਼ ਤੌਰ 'ਤੇ ਬਣੇ ਸਟਰੱਕਚਰ ਨੂੰ ਤੋੜ ਦਿੱਤਾ, ਉਥੇ ਇਕ ਹਾਲ ਨੂੰ ਸੀਲ ਕਰ ਦਿੱਤਾ।
 ਇਸੇ ਤਰ੍ਹਾਂ ਦੀ ਕਾਰਵਾਈ ਮਾਡਲ ਟਾਊਨ ਸਥਿਤ ਮੇਅਰ ਤੇ ਕਮਿਸ਼ਨਰ ਹਾਊਸ ਦੇ ਸਾਹਮਣੇ ਕੀਤੀ ਗਈ, ਜਿੱਥੇ ਇਕ ਖਾਲੀ ਪਲਾਟ ਵਿਚ ਲੋਹੇ ਦਾ ਸਟਰੱਕਚਰ ਬਣਾ ਕੇ ਕਮਰਸ਼ੀਅਲ ਕੰਮ ਕੀਤਾ ਜਾ ਰਿਹਾ ਸੀ। ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਇੱਥੇ ਹਾਊਸ ਲੇਨ ਵਿਚ ਬਣੇ ਸਟਰੱਕਚਰ ਨੂੰ ਤੋੜ ਦਿੱਤਾ ਤੇ ਬਾਕੀ ਹਿੱਸੇ ਨੂੰ ਰੈਗੂਲਰ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਨਿਗਮ ਦੀ ਅਗਲੀ ਕਾਰਵਾਈ 66 ਫੁੱਟੀ ਰੋਡ 'ਤੇ ਸਥਿਤ ਕੇਕ ਹਾਊਸ ਦੇ ਨੇੜੇ ਹੋਈ, ਜਿੱਥੇ ਇਕ ਨਾਜਾਇਜ਼ ਬਿਲਡਿੰਗ ਨੂੰ ਸੀਲ ਕੀਤਾ ਗਿਆ ਸੀ ਪਰ ਬਿਲਡਿੰਗ ਵਿਭਾਗ ਨੇ ਐਫੀਡੇਵਿਟ ਦਿੱਤਾ ਹੋਇਆ ਸੀ ਕਿ ਉਹ ਬਿਲਡਿੰਗ ਦੇ ਨਾਜਾਇਜ਼ ਹਿੱਸੇ ਨੂੰ ਖੁਦ ਤੋੜ ਦੇਵੇਗਾ। ਅਜਿਹਾ ਨਾ ਕਰਨ 'ਤੇ ਨਿਗਮ ਨੇ ਅੱਜ ਬਿਲਡਿੰਗ ਦੇ ਅਗਲੇ ਹਿੱਸੇ ਨੂੰ ਡਿੱਚ ਮਸ਼ੀਨ ਨਾਲ ਤੋੜ ਦਿੱਤਾ।


Related News