ਤਲਵੰਡੀ ਚੌਧਰੀਆਂ ਦੇ ਦਲਿਤ ਮੁਹੱਲੇ 'ਚ ਖੜ੍ਹਾ ਗੰਦਾ ਪਾਣੀ

10/16/2017 3:04:38 AM

ਸੁਲਤਾਨਪੁਰ ਲੋਧੀ, (ਧੰਜੂ)- ਸਰਕਾਰ ਕਿਸੇ ਵੀ ਪਾਰਟੀ ਦੀ ਆ ਜਾਵੇ, ਵਿਕਾਸ ਕਾਰਜ ਅਤੇ ਗੰਦਗੀ ਹਮੇਸ਼ਾ ਦਲਿਤ ਮੁਹੱਲਿਆਂ 'ਚ ਹੀ ਰਹਿੰਦੀ ਹੈ। ਸਬ-ਤਹਿਸੀਲ ਤਲਵੰਡੀ ਚੌਧਰੀਆਂ ਦੇ ਮੁਹੱਲਾ ਬਾਬਾ ਜੀਵਨ ਸਿੰਘ ਦੀਆਂ ਸੜਕਾਂ 'ਤੇ ਅਕਸਰ ਹੀ ਸੀਵਰੇਜ ਦਾ ਪਾਣੀ ਖੜ੍ਹਾ ਦਿਖਾਈ ਦਿੰਦਾ ਹੈ। ਕਈਆਂ ਥਾਵਾਂ ਤੋਂ ਪੀਣ ਵਾਲੇ ਪਾਣੀ ਦੇ ਪਾਈਪ ਵੀ ਲੀਕ ਹੋਏ ਹਨ, ਜਿਨ੍ਹਾਂ 'ਚ ਛੱਪੜ ਦਾ ਪਾਣੀ ਭਰ ਜਾਂਦਾ ਹੈ ਤੇ ਉਹ ਹੀ ਗੰਦਾ ਪਾਣੀ ਪੀਣ ਲਈ ਲੋਕ ਵਰਤਦੇ ਹਨ। ਭਾਰਤ ਸਵੱਛਤਾ ਮੁਹਿੰਮ ਤਹਿਤ ਵੀ ਤਲਵੰਡੀ ਚੌਧਰੀਆਂ 'ਚ ਕੋਈ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਗੰਦਗੀ ਕਾਰਨ ਡੇਂਗੂ ਅਤੇ ਹੋਰ ਕਈ ਭਿਆਨਕ ਬੀਮਾਰੀਆਂ ਦਾ ਫੈਲਣਾ ਜਾਰੀ ਹੈ। ਇਨ੍ਹਾਂ ਕਾਰਨ ਕਿਸੇ ਸਮੇਂ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਛੱਪੜਾਂ 'ਤੇ ਹੋ ਰਹੇ ਕਬਜ਼ੇ ਕਾਰਨ ਟੋਬੇ ਸੁੰਗੜ ਕੇ ਛੋਟੇ ਹੋ ਗਏ, ਜਿਸ ਕਾਰਨ ਦਲਿਤਾਂ ਦੇ ਘਰਾਂ 'ਚ ਗੰਦੇ ਪਾਣੀ ਦੇ ਛੱਪੜ ਲੱਗ ਜਾਂਦੇ ਹਨ। ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਨਾਲ ਲੱਗਦੀ ਸੜਕ ਜੋ ਪਿੰਡ ਛੰਨਾ ਸ਼ੇਰ ਨੂੰ ਜੋੜਦੀ ਹੈ, ਜਿਸ 'ਤੇ ਮੁਹੱਲਾ ਵਾਸੀਆਂ ਨੇ ਮਿੱਟੀ ਪਾਈ ਹੋਈ ਹੈ ਪਰ ਜਦੋਂ ਮੀਂਹ ਆਉਂਦਾ ਹੈ ਤਾਂ ਉਸ ਪਾਸੇ ਦੇ ਘਰਾਂ ਵਾਲਿਆਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ।
ਸਰਪੰਚ ਦਵਿੰਦਰ ਕੌਰ ਘੁੰਮਾਣ ਨਾਲ ਗੱਲਬਾਤ ਕਰਨ 'ਤੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਤਾਂ ਕੀ ਦੇਣੀਆਂ ਹਨ? ਉਲਟਾ ਪਿਛਲੇ ਤਿੰਨ ਮਹੀਨਿਆਂ ਤੋਂ ਨੋਟਿਸ ਆ ਰਿਹਾ ਹੈ ਕਿ ਪਿੰਡ 'ਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਕਾਰਜ ਸ਼ੁਰੂ ਨਾ ਕੀਤਾ ਜਾਵੇ, ਜੇਕਰ ਕੰਮ ਚੱਲ ਰਿਹਾ ਹੈ ਉਹ ਵੀ ਤੁਰੰਤ ਬੰਦ ਕਰ ਦਿੱਤਾ ਜਾਵੇ। ਦਲਿਤ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਨਵਤੇਜ ਸਿੰਘ ਚੀਮਾ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਦਲਿਤ ਮੁਹੱਲਿਆਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦਿੱਤੀਆਂ ਜਾਣ ਤਾਂ ਜੋ ਸਫਾਈ ਦੇ ਪੁਖਤਾ ਪ੍ਰਬੰਧ ਹੋ ਸਕਣ।


Related News