ਬਾਲ ਮਜ਼ਦੂਰੀ ਰੋਕਣ ਲਈ ਜ਼ਿਲਾ ਪੱਧਰੀ ਟਾਸਕ

06/25/2017 1:57:06 PM


ਫਰੀਦਕੋਟ(ਹਾਲੀ)-ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਵੱਲੋਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਬੱਚਿਆਂ (14 ਸਾਲ ਤੋਂ ਘੱਟ ਉਮਰ) ਤੋਂ ਬਾਲ ਮਜ਼ਦੂਰੀ ਨਾ ਕਰਵਾਉਣ ਅਤੇ ਉਨ੍ਹਾਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਬਣਾਈ ਗਈ ਜ਼ਿਲਾ ਪੱਧਰੀ ਟਾਸਕ ਫ਼ੋਰਸ ਵੱਲੋਂ ਐੱਸ. ਡੀ. ਐੱਮ. ਫਰੀਦਕੋਟ ਗੁਰਜੀਤ ਸਿੰਘ ਦੀ ਯੋਗ ਅਗਵਾਈ ਵਿਚ ਫਰੀਦਕੋਟ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਾਂ, ਰੈਸਟੋਰੈਂਟਾਂ ਅਤੇ ਢਾਬਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਛੋਟੀ ਉਮਰ ਦੇ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਏ ਜਾਣ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਐੱਸ. ਡੀ. ਐੱਮ. ਫਰੀਦਕੋਟ ਗੁਰਜੀਤ ਸਿੰਘ ਅਤੇ ਤਹਿਸੀਲਦਾਰ ਫਰੀਦਕੋਟ ਨੇ ਕਿਹਾ ਕਿ 14 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣਾ ਗੈਰ ਕਾਨੂੰਨੀ ਹੈ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਮਾਪਿਆਂ ਨੂੰ ਅਗਾਹ ਕਰਦਿਆਂ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣ ਦੀ ਬਜਾਏ ਉਨ੍ਹਾਂ ਨੂੰ ਸਕੂਲ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਪੜ੍ਹ- ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਜ਼ਿਲਾ ਪ੍ਰੋਗਰਾਮ ਅਫ਼ਸਰ ਮੈਡਮ ਸ਼ਿੰਦਰਪਾਲ ਕੌਰ ਅਤੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਰਿਪਨਬੀਰ ਸਿੰਘ ਜੋਸਨ ਨੇ ਕਿਹਾ ਕਿ ਜੋ ਵੀ ਇਨਸਾਨ ਜਾਂ ਦੁਕਾਨਦਾਰ ਬਾਲ ਮਜ਼ਦੂਰੀ ਕਰਵਾਉਂਦਾ ਫੜਿਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 14 ਸਾਲਾਂ ਤੋਂ ਘੱਟ ਉਮਰ ਦੇ ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਨਹੀਂ ਹਨ ਅਤੇ ਉਹ ਮਜਬੂਰੀ ਵੱਸ ਮਜ਼ਦੂਰੀ ਕਰਦੇ ਹਨ, ਨੂੰ ਰੈਸਕਿਊ ਕਰ ਕੇ ਬਾਲ ਘਰ ਭੇਜਿਆ ਜਾਵੇਗਾ।
ਇਸ ਸਮੇਂ ਟਾਸਕ ਫੋਰਸ ਵਿਚ ਲੀਗਲ ਕਮ ਪ੍ਰੋਬੇਸ਼ਨ ਅਫ਼ਸਰ ਭੁਵਨੇਸ਼ ਕੁਮਾਰ, ਏ. ਐੱਸ. ਆਈ. ਹਰਜਿੰਦਰ ਸਿੰਘ, ਫ਼ੂਡ ਸਪਲਾਈ ਇੰਸਪੈਕਟਰ ਪ੍ਰਵੇਸ਼ ਰੇਹਾਨ, ਲੇਬਰ ਇੰਸਪੈਕਟਰ ਮੈਡਮ ਰਜਨੀ ਕਾਂਸਲ ਅਤੇ ਹੈਲਥ ਡਿਪਾਰਟਮੈਂਟ ਤੋਂ ਡਾ. ਦੀਪਕ ਗਰਗ ਵੀ ਹਾਜ਼ਰ ਸਨ। 


Related News