ਅਕਾਲੀ ਦਲ ਨੇ ਭਾਜਪਾ ਦੀ ਪਿੱਠ ''ਚ ਛੁਰਾ ਮਾਰਿਆ: ਜ਼ਿਲਾ ਪ੍ਰਧਾਨ ਸੰਜੀਵ

12/12/2017 5:11:09 PM

ਗੜ੍ਹਦੀਵਾਲਾ(ਜਤਿੰਦਰ)— ਨਗਰ ਕੌਂਸਲ ਗੜ੍ਹਦੀਵਾਲਾ ਦੇ ਮੀਤ ਪ੍ਰਧਾਨ ਦੀ ਚੋਣ ਵਿਚ ਅਕਾਲੀ ਦਲ ਵੱਲੋਂ ਭਾਜਪਾ ਨੂੰ ਦਰਕਿਨਾਰ ਕਰਨ ਤੋਂ ਬਾਅਦ ਭਾਜਪਾ ਆਗੂਆਂ ਨੇ ਅਹੁਦੇ ਦੀ ਦਾਅਵੇਦਾਰ ਕੌਂਸਲਰ ਅਨੂ ਬਾਲਾ ਦੇ ਗ੍ਰਹਿ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਭਾਈਵਾਲ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਜੰਮ ਕੇ ਭੜਾਸ ਕੱਢੀ ਅਤੇ ਇਸ ਘਟਨਾਕ੍ਰਮ ਪ੍ਰਤੀ ਸਖਤ ਰੋਸ ਜ਼ਾਹਰ ਕੀਤਾ। 
ਭਾਜਪਾ ਦੇ ਜ਼ਿਲਾ ਪ੍ਰਧਾਨ ਸੰਜੀਵ ਮਿਨਹਾਸ, ਸੂਬਾ ਕਾਰਜਕਾਰਨੀ ਮੈਂਬਰ ਜਵਾਹਰ ਖੁਰਾਣਾ, ਕੌਂਸਲਰ ਸ਼ਿਵ ਦਿਆਲ, ਕੌਂਸਲਰ ਅਨਿਲ ਕੁਮਾਰ ਗੁਪਤਾ ਅਤੇ ਕੌਂਸਲਰ ਅਨੂ ਬਾਲਾ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਉਸ ਦੀ ਪਿੱਠ 'ਚ ਛੁਰਾ ਮਾਰਿਆ ਹੈ। 
ਉਨ੍ਹਾਂ ਕਿਹਾ ਕਿ ਹਰ ਜਗ੍ਹਾ ਜਿੱਥੇ ਅਕਾਲੀ ਦਲ ਦਾ ਪ੍ਰਧਾਨ ਹੈ, ਉਥੇ ਮੀਤ ਪ੍ਰਧਾਨ ਭਾਜਪਾ ਦਾ ਹੈ। ਮਿਨਹਾਸ ਨੇ ਕਿਹਾ ਕਿ ਪਿਛਲੀ ਵਾਰ ਵੀ ਜਦੋਂ ਅਕਾਲੀ ਦਲ ਨੇ ਭਾਜਪਾ ਨਾਲ ਧੱਕਾ ਕੀਤਾ ਸੀ ਤਾਂ ਉਸ ਸਮੇਂ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ ਪਰ ਇਸ ਵਾਰ ਫਿਰ ਅਕਾਲੀ ਦਲ ਨੇ ਧੱਕੇਸ਼ਾਹੀ ਕੀਤੀ ਹੈ। ਸਾਨੂੰ ਪਹਿਲਾਂ ਭਰੋਸੇ ਵਿਚ ਲਿਆ ਗਿਆ ਅਤੇ ਬਾਅਦ ਵਿਚ ਭਰੋਸਾ ਤੋੜ ਦਿੱਤਾ ਗਿਆ। 
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਆਗਾਮੀ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਇਸ ਧੱਕੇਸ਼ਾਹੀ ਦਾ ਮੁੱਦਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਗੇ ਰੱਖਿਆ ਜਾਵੇਗਾ। ਅਜਿਹਾ ਕਰਕੇ ਅਕਾਲੀ ਦਲ ਨੇ ਗੱਠਜੋੜ ਦੀ ਮਰਿਆਦਾ ਨੂੰ ਵੀ ਢਾਅ ਲਾਈ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਕੈਪਟਨ ਗੁਰਵਿੰਦਰ ਸਿੰਘ, ਧਰਮਿੰਦਰ ਸੋਨੂੰ, ਗੋਪਾਲ ਐਰੀ, ਵਿਵੇਕ ਗੁਪਤਾ ਆਦਿ ਵੀ ਹਾਜ਼ਰ ਸਨ।
ਦੂਜੇ ਪਾਸੇ ਅਕਾਲੀ ਦਲ ਦੀ ਕੌਂਸਲਰ ਕਮਲੇਸ਼ ਰਾਣੀ ਦੇ ਹੱਕ 'ਚ ਰਹੇ ਕੌਂਸਲਰਾਂ ਮਨਜੀਤ ਸਿੰਘ ਰੌਬੀ, ਪਰਮਜੀਤ ਕੌਰ, ਨਰਿੰਦਰ ਕੌਰ, ਗੁਰਦੀਪ ਸਿੰਘ ਆਦਿ ਨੇ ਕਿਹਾ ਕਿ ਭਾਜਪਾ ਵੱਲੋਂ ਅਨੂ ਬਾਲਾ ਨੂੰ ਮੀਤ ਪ੍ਰਧਾਨ ਬਣਾਉਣ ਲਈ ਉਨ੍ਹਾਂ ਨਾਲ ਨਾ ਤਾਂ ਕੋਈ ਮੀਟਿੰਗ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਭਰੋਸੇ ਵਿਚ ਲੈ ਕੇ ਕੋਈ ਸਲਾਹ-ਮਸ਼ਵਰਾ ਕੀਤਾ ਗਿਆ। ਉਲਟਾ ਭਾਜਪਾ ਆਗੂਆਂ ਵੱਲੋਂ ਉਪਰਲੇ ਲੀਡਰਾਂ ਤੋਂ ਕਹਾਉਣ ਦੀਆਂ ਗੱਲਾਂ ਕਹੀਆਂ ਗਈਆਂ। ਉਨ੍ਹਾਂ ਕਿਹਾ ਕਿ ਮੀਤ ਪ੍ਰਧਾਨ ਕੌਂਸਲਰਾਂ ਨੇ ਚੁਣਨਾ ਸੀ, ਉਪਰਲੇ ਲੀਡਰਾਂ ਨੇ ਨਹੀਂ।


Related News