ਜ਼ਿਲਾ ਤੇ ਸੈਸ਼ਨ ਜੱਜ ਨੇ ਸੈਮੀਨਾਰਾਂ ਲਈ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ

10/18/2017 6:00:30 AM

ਹੁਸ਼ਿਆਰਪੁਰ, (ਘੁੰਮਣ)- ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਐੱਸ. ਕੇ. ਅਰੋੜਾ ਵੱਲੋਂ ਪਿੰਡਾਂ ਵਿਚ ਕਰਵਾਏ ਜਾ ਰਹੇ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਸੈਮੀਨਾਰਾਂ ਲਈ ਵਿਸ਼ੇਸ਼ ਮੋਬਾਇਲ ਵੈਨ ਨੂੰ ਰਵਾਨਾ ਕੀਤਾ ਗਿਆ। ਆਪਣੇ ਸੰਬੋਧਨ ਵਿਚ ਸ਼੍ਰੀ ਐੱਸ. ਕੇ. ਅਰੋੜਾ ਨੇ ਕਿਹਾ ਕਿ ਆਮ ਲੋਕਾਂ ਨੂੰ ਲੀਗਲ ਏਡ ਸਬੰਧੀ ਸਹਾਇਤਾ ਮੁਹੱਈਆ ਕਰਵਾਉਣ ਲਈ ਪਿੰਡਾਂ ਵਿਚ ਸੈਮੀਨਾਰ ਕਰਵਾਏ ਜਾ ਰਹੇ ਹਨ। ਮਾਣਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਮੋਬਾਇਲ ਵੈਨ 31 ਅਕਤੂਬਰ ਤੱਕ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਸੈਮੀਨਾਰ ਕਰਵਾ ਕੇ ਜਾਣਕਾਰੀ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਮੀਨਾਰਾਂ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਕ ਪੈਨਲ ਐਡਵੋਕੇਟ ਅਤੇ ਇਕ ਪੀ. ਐੱਲ. ਵੀ. ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਲਾਈ ਗਈ ਹੈ। ਇਸ ਮੌਕੇ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਸੀ. ਜੇ. ਐੱਮ. ਸ਼੍ਰੀ ਰਵੀ ਗੁਲਾਟੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


Related News