ਸੜਕਾਂ ''ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ

01/17/2018 8:03:54 AM

ਤਰਨਤਾਰਨ,   (ਬਲਵਿੰਦਰ ਕੌਰ)-  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2014 'ਚ ਗਾਂਧੀ ਜਯੰਤੀ ਮੌਕੇ ਸਵੱਛ ਭਾਰਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ, ਜਿਸ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਅੱਜ ਇਸ ਮੁਹਿੰਮ ਨੂੰ ਕਰੀਬ ਚਾਰ ਸਾਲ ਹੋ ਗਏ ਹਨ ਪਰ ਤਰਨਤਾਰਨ ਸ਼ਹਿਰ 'ਚ ਸਵੱਛ ਭਾਰਤ ਮੁਹਿੰਮ ਦਾ ਝਾੜੂ ਕਿਤੇ ਵੀ ਵਜਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ। ਸੜਕਾਂ 'ਤੇ ਪਏ ਕੂੜੇ ਦੇ ਢੇਰਾਂ ਕਾਰਨ ਜਿੱਥੇ ਸਕੂਲੀ ਵਿਦਿਆਰਥੀ ਪ੍ਰੇਸ਼ਾਨ ਹੁੰਦੇ ਹਨ, ਉਥੇ ਹੀ ਰਾਹਗੀਰਾਂ ਨੂੰ ਵੀ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਤਰਨਤਾਰਨ ਦੇ ਜੰਡਿਆਲਾ ਰੋਡ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦੇ ਬਾਹਰ ਕੂੜੇ ਦਾ ਡੰਪ ਪਿਆ ਹੈ, ਜਿਸ 'ਚ ਸਫਾਈ ਕਰਮਚਾਰੀ ਬੇਤਰਤੀਬੇ ਢੰਗ ਨਾਲ ਕੂੜਾ ਉਸ ਡੰਪ 'ਚ ਸੁੱਟ ਜਾਂਦੇ ਹਨ ਤੇ ਕੂੜਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਡੰਪ ਤੋਂ ਬਾਹਰ ਨਿਕਲ ਕੇ ਸੜਕ 'ਤੇ ਖਿੱਲਰ ਜਾਂਦਾ ਹੈ, ਜਿਸ ਨੂੰ ਸਾਫ ਕਰਨਾ ਕਰਮਚਾਰੀ ਜ਼ਰੂਰੀ ਨਹੀਂ ਸਮਝਦੇ। ਸਕੂਲ 'ਚ ਛੁੱਟੀ ਸਮੇਂ ਵਿਦਿਆਰਥੀਆਂ ਨੂੰ ਮੂੰਹ 'ਤੇ ਰੁਮਾਲ ਬੰਨ੍ਹ ਕੇ ਇਥੋਂ ਦੀ ਲੰਘਣਾ ਪੈਂਦਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹਿਰ ਵਾਸੀ ਹਰਮਨ ਸਿੰਘ, ਜਗਜੀਤ ਸਿੰਘ, ਚੈਂਚਲ, ਗੁਰਜੰਟ ਸਿੰਘ, ਰਾਮ ਪ੍ਰਸਾਦ, ਦਲਜੀਤ ਤੇ ਬਲਬੀਰ ਸਿੰਘ ਆਦਿ ਨੇ ਨਗਰ ਕੌਂਸਲ ਤਰਨਤਾਰਨ ਕੋਲੋਂ ਮੰਗ ਕੀਤੀ ਕਿ ਜੰਡਿਆਲਾ ਰੋਡ 'ਤੇ ਪਏ ਕੂੜੇ ਦੇ ਡੰਪ ਦੀ ਹਰ ਰੋਜ਼ ਪੂਰੀ ਤਰ੍ਹਾਂ ਸਫਾਈ ਕਰਵਾਈ ਜਾਵੇ ਤੇ ਕਰਮਾਚਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ।
ਸੈਨੇਟਰੀ ਇੰਸਪੈਕਟਰ ਦੀ ਲਾਈ ਜਾਵੇਗੀ ਡਿਊਟੀ : ਈ. ਓ.
ਇਸ ਸਬੰਧੀ ਨਗਰ ਕੌਂਸਲ ਤਰਨਤਾਰਨ ਦੇ ਕਾਰਜਸਾਧਕ ਅਫਸਰ ਮਨਮੋਹਨ ਸਿੰਘ ਰੰਧਾਵਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਸ਼ਹਿਰ ਨੂੰ ਸਾਫ-ਸੁਥਰਾ ਨਗਰ ਕੌਂਸਲ ਤਰਨਤਾਰਨ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਨੂੰ ਜਦੋਂ ਜੰਡਿਆਲਾ ਰੋਡ 'ਤੇ ਪਏ ਕੂੜੇ ਦੇ ਡੰਪ ਦੀ ਸਫਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦੀ ਡਿਊਟੀ ਲਾ ਕੇ ਇਸਦੀ ਸਫਾਈ ਕਰਵਾਉਣਗੇ। 


Related News