ਵੱਡੇ ਹਾਦਸੇ ਦੀ ਉਡੀਕ ''ਚ ਫਿੱਡਾ ਡਰੇਨ ਦਾ ਘੋਨਾ ਪੁਲ

12/12/2017 12:32:05 AM

ਘੱਲ ਖੁਰਦ(ਦਲਜੀਤ)—ਘੱਲ ਖੁਰਦ ਤੋਂ ਪਿੰਡ ਸਰਾਂ ਵਾਲੀ ਅਤੇ ਸ਼ਹਿਜ਼ਾਦੀ ਨੂੰ ਜਾਂਦੇ ਲਿੰਕ ਰੋਡ 'ਤੇ ਪੈਂਦੀ ਫਿੱਡਾ ਡਰੇਨ 'ਤੇ ਬਣਿਆ ਘੋਨਾ ਪੁਲ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਇਸ ਪੁਲ ਤੇ ਸਾਈਡਾਂ 'ਤੇ ਲੱਗੀਆਂ ਐਂਗਲਾਂ ਲੰਬੇ ਸਮੇਂ ਤੋਂ ਗਾਇਬ ਹਨ। ਘੋਨੇ ਪੁਲ ਕਾਰਨ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ ਅਤੇ  ਮਨੁੱਖੀ ਜਾਨਾਂ ਜਾ ਚੁੱਕੀਆਂ ਹਨ। ਪੁਲ 'ਤੇ ਐਂਗਲਾਂ ਨਾ ਲੱਗੀਆਂ ਹੋਣ ਕਾਰਨ ਇਥੋਂ ਲੰਘਣ ਵਾਲੇ ਹਰ ਵਿਅਕਤੀ 'ਤੇ ਮੌਤ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਜਾਣਕਾਰੀ ਮੁਤਾਬਕ ਪਿੰਡ ਘੱਲ ਖੁਰਦ ਵਿਖੇ ਬਲਾਕ ਸੰਮਤੀ ਦਫਤਰ, ਥਾਣਾ, ਸਰਕਾਰੀ ਸਕੂਲ ਆਦਿ ਸਥਿਤ ਹਨ, ਜਿਸ ਕਾਰਨ ਪਿੰਡਾਂ ਦੇ ਲੋਕਾਂ ਅਤੇ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਦਾ ਕਾਫੀ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਘੱਲ ਖੁਰਦ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਫਿੱਡੇ ਡਰੇਨ 'ਤੇ ਬਣੇ ਇਸ ਘੋਨੇ ਪੁਲ ਤੋਂ ਲੰਘਣ ਵਾਲੇ ਲੋਕਾਂ ਨੂੰ ਆ ਰਹੀ ਇਸ ਸਮੱਸਿਆ ਸਬੰਧੀ ਅਤੇ ਇਸ ਪੁਲ 'ਤੇ ਵਾਪਰੇ ਅਨੇਕਾਂ ਹਾਦਸਿਆਂ ਬਾਰੇ ਡਰੇਨਜ਼ ਵਿਭਾਗ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਲਿਖਤੀ ਰੂਪ ਵਿਚ ਵਾਰ-ਵਾਰ ਜਾਣੂ ਕਰਵਾ ਚੁੱਕੇ ਹਾਂ ਪਰ ਕਿਸੇ ਵੀ ਅਧਿਕਾਰੀ ਦੇ ਕੰਨ 'ਤੇ ਅਜੇ ਤੱਕ ਜੂੰ ਨਹੀਂ ਸਰਕੀ। 
ਕੀ ਹੈ ਮੰਗ
ਲੋਕਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਇਸ ਘੋਨੇ ਪੁਲ 'ਤੇ ਐਂਗਲਾਂ ਲਾ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਕੁਝ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੱਬ ਨਾ ਕਰੇ ਕਿ ਇਸ ਜਗ੍ਹਾ 'ਤੇ ਕੋਈ ਹਾਦਸਾ ਵਾਪਰੇ ਪਰ ਭਵਿੱਖ 'ਚ ਇਸ ਪੁਲ 'ਤੇ ਐਂਗਲਾਂ ਨਾ ਲੱਗੀਆਂ ਹੋਣ ਕਾਰਨ ਕੋਈ ਵੀ ਹਾਦਸਾ ਵਾਪਰ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਡਰੇਨਜ਼ ਵਿਭਾਗ ਅਤੇ ਸਮੇਂ ਦੀ ਮੌਜੂਦਾ ਸਰਕਾਰ ਹੋਵੇਗੀ। 


Related News