ਨੌਜਵਾਨ ''ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਨੂੰ ਪੁਲਸ ਨਹੀਂ ਕਰ ਰਹੀ ਗ੍ਰਿਫਤਾਰ

11/19/2017 6:01:34 AM

ਜੰਡਿਆਲਾ ਗੁਰੂ,   (ਬੱਲ)-  ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ 'ਚ ਅਮਨ-ਸ਼ਾਂਤੀ ਬਹਾਲ ਰੱਖਣ ਅਤੇ ਲੋਕਾਂ ਨੂੰ ਸਵੱਛ ਪੁਲਸ ਪ੍ਰਸ਼ਾਸਨ ਪ੍ਰਦਾਨ ਕਰਨ ਦੇ ਦਾਅਵੇ ਭਾਵੇਂ ਹਰ ਰੋਜ਼ ਕੀਤੇ ਜਾਂਦੇ ਹਨ ਪਰ ਪਿੰਡ ਟਪਿਆਲਾ ਦੇ ਵਸਨੀਕ ਗੁਰਦਿਆਲ ਸਿੰਘ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਬੜੇ ਦੁਖੀ ਮਨ ਨਾਲ ਦੱਸਿਆ ਕਿ ਮੇਰੇ ਨੌਜਵਾਨ ਭਰਾ ਗੁਰਮੀਤ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਪੁਲਸ ਵੱਲੋਂ ਇਕ ਹਫਤਾ ਬੀਤ ਜਾਣ ਦੇ ਬਾਵਜੂਦ ਫੜਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਦਾ ਰਹੀ, ਜਿਸ ਕਰ ਕੇ ਉਨ੍ਹਾਂ ਦਾ ਪਰਿਵਾਰ ਗਹਿਰੇ ਸਦਮੇ ਵਿਚ ਹੈ।
ਅੱਜ ਕਸਬਾ ਟਾਂਗਰਾ ਵਿਖੇ ਪੱਤਰਕਾਰਾਂ ਨੂੰ ਆਪਣਾ ਦੁੱਖੜਾ ਸੁਣਾਉਂਦਿਆਂ ਗੁਰਦਿਆਲ ਸਿੰਘ ਨੇ ਕਿਹਾ ਕਿ 10 ਨਵੰਬਰ ਵਾਲੇ ਦਿਨ ਜ਼ਮੀਨ ਦੀ ਵੱਟ ਨੂੰ ਲੈ ਕੇ ਮੇਰੇ ਭਰਾ ਗੁਰਮੀਤ ਸਿੰਘ 'ਤੇ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ, ਜਿਸ ਕਰ ਕੇ ਥਾਣਾ ਬਿਆਸ ਅਧੀਨ ਪੈਂਦੀ ਪੁਲਸ ਚੌਕੀ ਬੁਤਾਲਾ ਦੇ ਇੰਚਾਰਜ ਰਸ਼ਪਾਲ ਸਿੰਘ ਨੇ ਗੁਰਪ੍ਰੀਤ ਸਿੰਘ ਤੇ ਉਸ ਦੇ 5 ਹੋਰ ਸਾਥੀਆਂ ਖਿਲਾਫ ਧਾਰਾ 307, 323, 506, 148 ਤੇ 149 ਦਾ ਮੁਕੱਦਮਾ ਤਾਂ ਦਰਜ ਕਰ ਦਿੱਤਾ ਸੀ ਪਰ 7 ਦਿਨ ਬੀਤ ਜਾਣ  ਦੇ ਬਾਵਜੂਦ ਹਾਲੇ ਤੱਕ ਪੁਲਸ ਨੇ ਇਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਉਹ ਸ਼ਰੇਆਮ ਘੁੰਮ ਰਹੇ ਹਨ।
ਗੁਰਦਿਆਲ ਸਿੰਘ ਨੇ ਕਿਹਾ ਕਿ ਮੇਰੇ ਭਰਾ ਗੁਰਮੀਤ ਸਿੰਘ ਨੂੰ ਜਾਨੋਂ ਮਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਦੇ ਪੇਟ 'ਚ ਖੰਜਰ ਵੱਜਣ ਨਾਲ ਉਸ ਦਾ ਜਿਗਰ ਗੰਭੀਰ ਜ਼ਖਮੀ ਹੋ ਚੁੱਕਾ ਹੈ ਅਤੇ ਉਸ ਨੂੰ ਬਚਾਉਣ ਦੀ ਜੱਦੋ-ਜਹਿਦ 'ਚ ਲੱਗੇ ਡਾਕਟਰਾਂ ਨੇ ਉਸ ਨੂੰ 40 ਬੋਤਲਾਂ ਖੂਨ ਦੀਆਂ ਚੜ੍ਹਾਈਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਹਸਪਤਾਲ ਐਸਕਾਰਟ 'ਚ ਦਾਖਲ ਮੇਰੇ ਭਰਾ ਦੇ ਇਲਾਜ 'ਤੇ 10 ਲੱਖ ਰੁਪਏ ਖਰਚ ਹੋ ਚੁੱਕੇ ਹਨ ਪਰ ਹਾਲੇ ਵੀ ਉਹ ਆਈ. ਸੀ. ਯੂ. ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਸ ਨੂੰ ਦੋਸ਼ੀਆਂ ਨੇ ਬਹੁਤ ਹੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਮਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। 
ਗੁਰਦਿਆਲ ਸਿੰਘ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ ਕੱਟੜ ਸਮਰਥਕ ਹਾਂ ਪਰ ਫਿਰ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਇਲਾਕੇ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਅਸੀਂ ਜ਼ਿਲਾ ਪੁਲਸ ਮੁਖੀ ਤੋਂ ਇਲਾਵਾ ਚੌਕੀ ਇੰਚਾਰਜ ਤੱਕ ਨੂੰ ਨਿੱਜੀ ਤੌਰ 'ਤੇ ਮਿਲ ਕੇ ਇਨਸਾਫ ਲਈ ਫਰਿਆਦ ਕਰ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਡੇ 'ਤੇ ਹਮਲਾ ਕਰਨ ਵਾਲੇ ਕਥਿਤ ਦੋਸ਼ੀ ਹਥਿਆਰ ਹੱਥ ਵਿਚ ਫੜ ਕੇ ਤਸਵੀਰਾਂ ਖਿਚਾ ਕੇ ਫੇਸਬੁੱਕ 'ਤੇ ਪਾ ਰਹੇ ਹਨ ਅਤੇ ਵੱਖ-ਵੱਖ ਤਰੀਕਿਆਂ ਨਾਲ ਸਾਨੂੰ ਡਰਾ-ਧਮਕਾ ਵੀ ਰਹੇ ਹਨ, ਜਿਸ ਸਬੰਧੀ ਵੀ ਅਸੀਂ ਪੁਲਸ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਫਿਰ ਵੀ ਪੁਲਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਗੁਰਦਿਆਲ ਸਿੰਘ ਨੇ ਮੁੱਖ ਮੰਤਰੀ ਪੰਜਾਬ ਤੋਂ ਇਨਸਾਫ ਦੀ ਮੰਗ ਕੀਤੀ ਹੈ। 
ਇਸ ਮੌਕੇ ਉਨ੍ਹਾਂ ਨਾਲ ਸੂਬੇਦਾਰ ਪੂਰਨ ਸਿੰਘ, ਗੁਲਜ਼ਾਰ ਸਿੰਘ, ਸਿਕੰਦਰ ਸਿੰਘ, ਬਲਜਿੰਦਰ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ, ਸਰਪੰਚ ਦਲਬੀਰ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਜਦੋਂ ਚੌਕੀ ਇੰਚਾਰਜ ਬੁਤਾਲਾ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਇਸ ਕੇਸ ਸਬੰਧੀ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਅਤੇ ਕਿਸੇ ਦੋਸ਼ੀ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ।
੧੮1SR 21L ੧੦੦.“96


Related News