ਹੁਕਮਾਂ ਦੇ ਬਾਵਜੂਦ ਵੀ ਲੰਬੇ ਸਮੇਂ ਤੋਂ ਨਹੀਂ ਹੋਈ ਝੁੱਗੀਆਂ ਦੀ ਸਰਚ

12/11/2017 4:45:01 AM

ਕਪੂਰਥਲਾ, (ਭੂਸ਼ਣ)- ਬੀਤੇ ਕੁਝ ਮਹੀਨਿਆਂ ਦੇ ਦੌਰਾਨ ਸੂਬੇ ਦੇ ਕਈ ਸ਼ਹਿਰਾਂ 'ਚ ਝੁੱਗੀਆਂ ਦੀ ਤਲਾਸ਼ੀ ਦੇ ਦੌਰਾਨ ਹਥਿਆਰਾਂ ਸਮੇਤ ਫੜੇ ਗਏ ਬਾਹਰਲੇ ਸੂਬਿਆਂ ਨਾਲ ਸਬੰਧਤ ਕਈ ਅਪਰਾਧੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸੂਬੇ ਭਰ 'ਚ ਝੁੱਗੀਆਂ ਦੀ ਲਗਾਤਾਰ ਚੈਕਿੰਗ ਕਰਨ ਨੂੰ ਲੈ ਕੇ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਜਿਥੇ ਝੁੱਗੀਆਂ 'ਚ ਅਪਰਾਧਿਕ ਅਨਸਰਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਹੈ। ਉਥੇ ਹੀ ਇਨ੍ਹਾਂ ਝੁੱਗੀਆਂ ਦੀ ਲੰਬੇ ਸਮੇਂ ਤੋਂ ਸਰਚ ਨਾ ਹੋਣਾ ਕਈ ਅਹਿਮ ਸਵਾਲ ਖੜ੍ਹੇ ਕਰਦਾ ਹੈ ।  
ਕਈ ਝੁੱਗੀਆਂ ਨੂੰ ਦੂਜੇ ਥਾਵਾਂ 'ਤੇ ਤਬਦੀਲ ਕਰਨ ਦੇ ਹੋਏ ਸਨ ਹੁਕਮ 
ਸਰਕਾਰੀ ਜ਼ਮੀਨਾਂ ਅਤੇ ਮੁੱਖ ਹਾਈਵੇ 'ਤੇ ਪੈਂਦੀ ਜ਼ਮੀਨਾਂ 'ਤੇ ਕਬਜ਼ਾ ਕਰਕੇ ਬਣਾਈ ਗਈ ਝੁੱਗੀਆਂ ਦੇ ਕਾਰਨ ਸ਼ੱਕੀ ਵਿਅਕਤੀਆਂ ਦੀ ਲਗਾਤਾਰ ਵਧ ਰਹੀ ਆਮਦ ਅਤੇ ਸੜਕ ਹਾਦਸਿਆਂ 'ਚ ਹੋ ਰਹੇ ਭਾਰੀ ਵਾਧਾ ਨੂੰ ਵੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਕੁਝ ਮਹੀਨੇ ਪਹਿਲਾਂ ਸੁਲਤਾਨਪੁਰ ਲੋਧੀ ਮਾਰਗ, ਰੇਲ ਕੋਚ ਫੈਕਟਰੀ  ਦੇ ਆਸ-ਪਾਸ ਦੇ ਖੇਤਰ 'ਚ ਫੈਲੀਆਂ ਝੁੱਗੀਆਂ ਅਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੈਂਦੀਆਂ ਝੁੱਗੀਆਂ ਨੂੰ ਦੂਜੇ ਥਾਵਾਂ 'ਤੇ ਤਬਦੀਲ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਝੁੱਗੀਆਂ ਨੂੰ ਦੂਜੇ ਥਾਵਾਂ 'ਤੇ ਤਬਦੀਲ ਨਹੀਂ ਕੀਤਾ ਗਿਆ । ਗੌਰ ਹੋਵੇ ਕਿ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਝੁੱਗੀਆਂ 'ਚ ਇਕ ਤੇਜ਼ ਰਫਤਾਰ ਟਰੱਕ ਦੇ ਚੜ੍ਹ ਜਾਣ ਨਾਲ ਕੁਝ ਲੋਕਾਂ ਦੀ ਜਿਥੇ ਮੌਤ ਹੋ ਗਈ ਸੀ। ਉਥੇ ਹੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਬਣੀਆਂ ਝੁੱਗੀਆਂ ਤੋਂ ਨਿਕਲਣ ਵਾਲੀ ਭਾਰੀ ਗੰਦਗੀ ਦੇ ਕਾਰਨ ਅਨਾਥ ਆਸ਼ਰਮ 'ਚ ਰਹਿਣ ਵਾਲੇ ਵੱਡੀ ਗਿਣਤੀ 'ਚ ਬੱਚੇ ਗੰਭੀਰ ਰੂਪ ਨਾਲ ਬੀਮਾਰ ਹੋ ਗਏ ਸਨ ।  
ਸੂਬੇ ਦੇ ਕਈ ਵੱਡੇ ਸ਼ਹਿਰਾਂ 'ਚ ਝੁੱਗੀਆਂ 'ਚੋਂ ਫੜੇ ਗਏ ਕਈ ਸ਼ੱਕੀ ਵਿਅਕਤੀ
ਬੀਤੇ 8-9 ਮਹੀਨਿਆਂ ਤੋਂ ਸੂਬੇ ਭਰ 'ਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਦੇ ਦੌਰਾਨ ਪੰਜਾਬ ਪੁਲਸ ਦੀਆਂ ਟੀਮਾਂ ਲੁਧਿਆਣਾ ਸਮੇਤ ਸੂਬਿਆਂ ਦੇ ਕਈ ਵੱਡੇ ਸ਼ਹਿਰਾਂ 'ਚ ਲੰਬੇ ਸਮੇਂ ਤੋਂ ਬਣ ਚੁੱਕੀਆਂ ਝੁੱਗੀਆਂ 'ਚ ਚੈਕਿੰਗ ਦੇ ਦੌਰਾਨ ਜਿਥੇ ਕਈ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਉਥੇ ਹੀ ਭਾਰੀ ਮਾਤਰਾ 'ਚ ਨਾਜਾਇਜ਼ ਹਥਿਆਰ ਵੀ ਬਰਾਮਦ ਕਰ ਚੁੱਕੀ ਹੈ । ਬਰਾਮਦ ਹਥਿਆਰ ਉਤਰ ਪ੍ਰਦੇਸ਼ ਤੇ ਬਿਹਾਰ ਤੋਂ ਲਿਆਂਦੇ ਗਏ ਸਨ ਤੇ ਇਨ੍ਹਾਂ ਝੁੱਗੀਆਂ 'ਚ ਰਹਿਣ ਵਾਲੇ ਅਪਰਾਧਿਕ ਕਿਸਮ ਦੇ ਲੋਕਾਂ ਨੇ ਸਪਲਾਈ ਕੀਤੇ ਸਨ।
ਗੌਰ ਹੋਵੇ ਕਿ ਸੂਬੇ 'ਚ ਪਿਛਲੇ ਦਿਨਾਂ 'ਚ ਕੁਝ ਹਿੰਦੂ ਨੇਤਾਵਾਂ ਦੇ ਕਤਲ ਦੇ ਮਾਮਲਿਆਂ 'ਚ ਫੜੇ ਗਏ ਮੁਲਜ਼ਮਾਂ ਨੇ ਵੀ ਹਥਿਆਰ ਉਤਰ ਪ੍ਰਦੇਸ਼ ਤੋਂ ਖਰੀਦਣ ਦਾ ਖੁਲਾਸਾ ਕੀਤਾ ਸੀ। ਜਿਸਦੇ ਆਧਾਰ 'ਤੇ ਪੰਜਾਬ ਪੁਲਸ ਨੇ ਉਤਰ ਪ੍ਰਦੇਸ਼ ਦੇ ਗਾਜੀਆਬਾਦ ਸਮੇਤ ਕਈ ਸ਼ਹਿਰਾਂ 'ਚ ਛਾਪਾਮਾਰੀ ਕੀਤੀ ਸੀ । ਜਿਸ ਨੂੰ ਲੈ ਕੇ ਸੂਬੇ ਭਰ 'ਚ ਝੁੱਗੀਆਂ ਦੀ ਲਗਾਤਾਰ ਚੈਕਿੰਗ ਦੇ ਹੁਕਮ ਦਿੱਤੇ ਗਏ ਸਨ।


Related News