ਕਰਜ਼ਾਈ ਹੋਣ ਦੇ ਬਾਵਜੂਦ ਕਿਸਾਨਾਂ ਨੇ ਨਹੀਂ ਬਦਲੀ ਆਪਣੀ ਜੀਵਨ ਸ਼ੈਲੀ

12/12/2017 2:37:36 AM

ਨੱਥੂਵਾਲਾ ਗਰਬੀ, (ਰਾਜਵੀਰ)- ਇਸ ਵੇਲੇ ਪੰਜਾਬ 'ਚ ਕਿਸਾਨੀ ਕਰਜ਼ੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਤੇ ਪੰਜਾਬ ਸਰਕਾਰ ਕਰਜ਼ਾਮੁਆਫੀ ਦੇ ਮੁੱਦੇ ਉਪਰ ਆਪਣੇ-ਆਪ ਨੂੰ ਘਿਰਿਆ ਹੋਇਆ ਮਹਿਸੂਸ ਕਰ ਰਹੀ ਹੈ ਪਰ ਕਿਸਾਨ ਵਰਗ ਵੱਲੋਂ ਵਿਆਹ, ਮਰਨੇ, ਭੋਗਾਂ ਉਪਰ ਫਜ਼ੂਲ ਖਰਚੀ ਕਰਨ ਦਾ ਰੁਝਾਨ ਜਿਉਂ ਦਾ ਤਿਉਂ ਕਾਇਮ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਕਾਲਮ ਨਵੀਸ ਤਰਲੋਚਨ ਸਮਾਧਵੀ ਤੇ ਬਹਾਦਰ ਸਾਥੀ ਜਲਾਲ, ਰਾਜਵੀਰ ਜਲੰਧਰ ਵਾਲੇ, ਗੁਰਜੀਤ ਘੁਮਾਣ, ਇਕਬਾਲ ਸਿੰਘ ਭਲੂਰ ਨੇ ਦੱਸਿਆ ਕਿ ਕਿਸਾਨੀ ਉਪਰ ਚੜ੍ਹੇ ਕਰਜ਼ੇ ਦਾ ਵੱਡਾ ਕਾਰਨ ਖੇਤੀਬਾੜੀ ਦੀ ਗਲਤ ਵਿਉਂਬੰਦੀ, ਹੱਥੀਂ ਆਪ ਕੰਮ ਕਰਨ ਦੀ ਪ੍ਰਿਤ ਦਾ ਅਲੋਪ ਹੋਣਾ, ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਨਾ ਕਰਨਾ ਅਤੇ ਫੋਕੇ ਦਿਖਾਵੇ ਤੇ ਝੂਠੀ ਸ਼ਾਨ ਕਾਰਨ ਵਿਆਹਾਂ, ਮਰਨਿਆਂ ਅਤੇ ਭੋਗਾਂ ਉਪਰ ਫਜ਼ੂਲ ਤੇ ਲੋੜ ਤੋਂ ਵੱਧ ਖਰਚ ਕਰਨਾ ਹੈ। 
ਉਨ੍ਹਾਂ ਕਿਹਾ ਕਿ ਮਹਿੰਗੇ ਮੈਰਿਜ ਪੈਲੇਸਾਂ, ਬਿਊਟੀ ਪਾਰਲਰਾਂ, ਮੀਟ, ਸ਼ਰਾਬ, ਡੀਜੇ, ਕੈਟਰਿੰਗ, ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦੇ ਸਟਾਲ, ਕੱਪੜਿਆਂ ਦੀ ਬੇਲੋੜੀ ਖਰੀਦੋ-ਫਰੋਖਤ ਅਤੇ ਲੈਣ-ਦੇਣ ਉਪਰ ਫਜ਼ੂਲ ਖਰਚੀ ਸਾਰੇ ਹੱਦਾਂ ਬੰਨ੍ਹੇ ਟੱਪ ਗਈ ਹੈ। ਉਨ੍ਹਾਂ ਕਿਹਾ ਕਿ ਬਹੁ-ਗਿਣਤੀ ਮੱਧ ਵਰਗ ਦੇ ਕਿਸਾਨ ਇਹ ਵਿਆਹ ਕਰਜ਼ਾ ਚੁੱਕ ਕੇ ਜਾਂ ਆਪਣੀ ਜ਼ਮੀਨ ਗਹਿਣੇ ਪਾ ਕੇ ਕਰਦੇ ਹਨ ਪਰ ਵਿਆਹ ਉਪਰ ਹੋਇਆ ਫਜ਼ੂਲ ਖਰਚ ਕਿਸੇ ਖਾਤੇ 'ਚ ਨਹੀਂ ਪੈਂਦਾ, ਜਿਸ ਕਰਕੇ ਕਰਜ਼ੇ ਦੀ ਪੰਡ ਦਿਨੋ-ਦਿਨ ਵਧਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਫਜ਼ੂਲ ਖਰਚੀ ਕਾਰਨ ਹਲਵਾਈ, ਫੋਟੋਗ੍ਰਾਫਰ, ਬਿਊਟੀ ਪਾਰਲਰ, ਸ਼ਰਾਬ ਦੇ ਠੇਕੇਦਾਰ, ਬਜਾਜੀ, ਕਰਿਆਨਾ, ਮੀਟ ਵਿਕਰੇਤਾ, ਡੀਜੇ ਤੇ ਹੋਰ ਸਬੰਧਤ ਸਮੱਗਰੀ ਦਾ ਇਕ ਬਹੁਤ ਵੱਡਾ ਬਾਜ਼ਾਰ ਉਸਰ ਗਿਆ ਹੈ ਅਤੇ ਇਹ ਦੁਕਾਨਦਾਰ ਕੁਝ ਕੁ ਸਾਲਾਂ 'ਚ ਹੀ ਲੱਖਾਂਪਤੀ ਬਣ ਗਏ ਹਨ, ਜਦਕਿ ਕਿਸਾਨ ਕਰਜ਼ੇ ਦੀ ਦਲਦਲ 'ਚ ਧਸ ਗਿਆ ਹੈ। 
ਉਨ੍ਹਾਂ ਕਿਹਾ ਕਿ ਸ਼ਰਾਬ ਦੀ ਬੇਤਿਹਾਸ਼ਾ ਵਰਤੋਂ ਅਤੇ ਦਿਨ ਵੇਲੇ ਹੀ ਵਰਤਾਉਣ ਨਾਲ ਜਿਥੇ ਨਾਬਾਲਗ ਉਮਰ ਦੇ ਬੱਚੇ ਸ਼ਰਾਬ ਪੀਣ ਦੇ ਆਦੀ ਬਣ ਰਹੇ ਹਨ, ਉਥੇ ਸੜਕੀ ਹਾਦਸਿਆਂ 'ਚ ਵੀ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਕਿਸਾਨੀ ਨੂੰ ਕਰਜ਼ੇ ਤੋਂ ਕੋਈ ਵੀ ਨਿਜਾਤ ਨਹੀਂ ਦੁਆ ਸਕਦਾ ਅਤੇ ਆਉਣ ਵਾਲੇ ਸਮੇਂ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਕੇਸ ਹੋਰ ਵੀ ਵਧਣਗੇ। ਇਸ ਵਾਸਤੇ ਅੱਜ ਲੋੜ ਹੈ ਸਾਦੇ ਵਿਆਹ ਕਰਨ ਅਤੇ ਬੇਲੋੜੀ ਫਜ਼ੂਲ ਖਰਚੀ ਨੂੰ ਰੋਕਣ ਦੀ ਤਾਂ ਜੋ ਕਿਸਾਨ ਭਰਾਵਾਂ ਦੀ ਹਾਲਤ 'ਚ ਸੁਧਾਰ ਕੀਤਾ ਜਾ ਸਕੇ।


Related News