ਡਿਪਟੀ ਕਮਿਸ਼ਨਰ ਨੇ ਟੁੱਟੀ ਨਹਿਰ ਦਾ ਲਿਆ ਜਾਇਜ਼ਾ

06/24/2017 7:55:30 AM

ਸਰਹਾਲੀ ਕਲਾਂ, (ਸੁਖਬੀਰ)- ਕਿਸਾਨਾਂ ਨੂੰ ਹਾੜ੍ਹੀ-ਸਾਉਣੀ ਦੀ ਝੱਲਣੀ ਪੈਂਦੀ ਪ੍ਰੇਸ਼ਾਨੀ ਤੋਂ ਮੁਕਤ ਕਰਨ ਲਈ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਡੀ. ਐੱਸ. ਪੀ. ਖਰਬੰਦਾ, ਐੱਸ. ਡੀ. ਐੱਮ. ਖਡੂਰ ਸਾਹਿਬ ਅਨੂਪਪ੍ਰੀਤ ਕੌਰ, ਪੱਟੀ ਦੇ ਐੱਸ. ਡੀ. ਐੱਮ. ਗੁਰਸਿਮਰਨਜੀਤ ਸਿੰਘ ਢਿੱਲੋਂ, ਤਹਿਸੀਲਦਾਰ ਮਨਦੀਪ ਸਿੰਘ ਬੀ. ਡੀ. ਪੀ. ਓ. ਚੋਹਲਾ ਸਾਹਿਬ ਤੇ ਸੰਬੰਧਿਤ ਮਹਿਕਮੇ ਦੇ ਪਟਵਾਰੀ ਤੋਂ ਇਲਾਵਾ ਵੱਖ-ਵੱਖ ਅਧਿਕਾਰੀ ਪਿੰਡ ਬਿੱਲਿਆਂਵਾਲਾ ਦੀ ਟੁੱਟੀ ਨਹਿਰ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ। 
ਉਨ੍ਹਾਂ ਅੱਜ ਵੱਖ-ਵੱਖ ਕਿਸਾਨਾਂ ਨਾਲ ਘਟਨਾ ਸਥਾਨ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਕਿਸੇ ਵੀ ਕੰਮ ਵਿਚ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਅਧਿਕਾਰੀਆਂ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਬਾਰੇ ਸ਼ਿਕਾਇਤਾਂ ਵੀ ਕੀਤੀਆਂ। ਉਨ੍ਹਾਂ ਪਿੰਡ ਖਾਰਾ ਦੇ ਸਰਪੰਚ ਨੂੰ ਕਿਹਾ ਕਿ ਇਸ ਨਹਿਰ ਦੀ ਸਫਾਈ ਦਾ ਕੰਮ ਨਰੇਗਾ ਮਜ਼ਦੂਰਾਂ ਤੋਂ ਕਰਵਾਇਆ ਜਾਵੇ ਅਤੇ ਸਾਰੇ ਭੁਗਤਾਨ ਦਾ ਕੰਮ ਮਤਾ ਪਾਸ ਕਰ ਕੇ ਦਿੱਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਬਾਰੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਇਸ ਦਾ ਸਰਵੇ ਕਰ ਕੇ ਬਣਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ 1-2 ਮਹੀਨੇ ਵਿਚ ਦਿੱਤਾ ਜਾ ਸਕੇ। ਬਾਬਾ ਇੰਦਰਜੀਤ ਸਿੰਘ ਸਰਹਾਲੀ ਨੇ ਦੱਸਿਆ ਕਿ ਕਿਸਾਨਾਂ ਦੀ ਪਨੀਰੀ, ਸਬਜ਼ੀ, ਡੰਗਰਾਂ ਦਾ ਚਾਰਾ ਅਤੇ ਝੋਨਾ ਪਾਣੀ ਨਾਲ ਤਬਾਹ ਹੋ ਗਿਆ ਅਤੇ ਪਿੰਡ ਬ੍ਰਹਮਪੁਰਾ ਚੋਹਲਾ ਸਾਹਿਬ ਦਾ ਨਹਿਰ 'ਚ ਪੈ ਰਿਹਾ ਦੂਸ਼ਿਤ ਪਾਣੀ ਡੰਗਰਾਂ ਅਤੇ ਲੋਕਾਂ ਨੂੰ ਬੀਮਾਰੀਆਂ ਲੱਗਾ ਰਿਹਾ ਹੈ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।


Related News