ਨਵੀਂ ਦਿੱਲੀ ਨਾਲ ਸਬੰਧਿਤ ਕੰੰਪਨੀ ਸ਼ਹਿਰ ਨੂੰ ਕਰੇਗੀ ਡੇਂਗੂ ਮੱਛਰਾਂ ਤੋਂ ਮੁਕਤ

10/17/2017 3:05:20 AM

ਕਪੂਰਥਲਾ, (ਭੂਸ਼ਣ)- ਕਪੂਰਥਲਾ ਸ਼ਹਿਰ 'ਚ ਇਸ ਵਾਰ ਰਿਕਾਰਡ-ਤੋੜ ਗਿਣਤੀ 'ਚ ਡੇਂਗੂ ਦੇ ਮਰੀਜ਼ਾਂ ਸਾਹਮਣੇ ਆਉਣ ਕਾਰਨ ਮਚੀ ਦਹਿਸ਼ਤ ਨੂੰ ਵੇਖਦੇ ਹੋਏ ਸ਼ਹਿਰ ਨੂੰ ਡੇਂਗੂ ਮੱਛਰਾਂ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰਨ ਦੇ ਤਹਿਤ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਮਦਦ ਨਾਲ ਨਵੀਂ ਦਿੱਲੀ ਨਾਲ ਸਬੰਧਿਤ ਇਕ ਪ੍ਰਮੁੱਖ ਕੰੰਪਨੀ ਦੇ ਪ੍ਰਤੀਨਿਧੀਆਂ ਨੇ ਸ਼ਹਿਰ ਦੇ ਸਲੱਮ ਅਤੇ ਦੂਜੇ ਖੇਤਰਾਂ ਦਾ ਦੌਰਾ ਕਰਕੇ ਜਿੱਥੇ ਡੇਂਗੂ ਮੱਛਰਾਂ ਦੇ ਸਫਾਏ ਲਈ ਐਕਸ਼ਨ ਪਲਾਨ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੈ, ਉਥੇ ਹੀ ਸ਼ਹਿਰ ਤੋਂ ਨਿਕਲਣ ਵਾਲੇ ਪਾਣੀ ਦੇ ਸੈਂਪਲ ਲੈ ਕੇ ਆਉਣ ਵਾਲੇ ਦਿਨਾਂ 'ਚ ਇਸ ਪਾਣੀ ਵਿਚ ਤੈਰਨ ਵਾਲੇ ਮੱਛਰਾਂ ਨੂੰ ਖਤਮ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਕਪੂਰਥਲਾ ਸ਼ਹਿਰ ਡੇਂਗੂ ਦੇ ਮਾਮਲੇ 'ਚ ਸੂਬੇ 'ਚ ਦੂਜੇ ਸਥਾਨ 'ਤੇ ਆ ਗਿਆ ਹੈ। ਜਿਸ ਕਾਰਨ ਜਿਥੇ ਕਈ ਵਿਅਕਤੀਆਂ ਦੀ ਡੇਂਗੂ ਨਾਲ ਮੌਤ ਹੋ ਗਈ, ਉਥੇ ਹੀ ਰਿਕਾਰਡ ਗਿਣਤੀ ਵਿਚ ਲੋਕ ਡੇਂਗੂ ਦੇ ਸ਼ਿਕਾਰ ਹੋਏ। ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨਵੀਂ ਦਿੱਲੀ ਨਾਲ ਸਬੰਧਿਤ ਕੰੰਪਨੀ ਵੈਦਿਕ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕਪੂਰਥਲਾ ਸ਼ਹਿਰ ਨੂੰ ਡੇਂਗੂ ਅਤੇ ਵਾਇਰਲ ਮੱਛਰਾਂ ਤੋਂ ਮੁਕਤ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। 
ਕਾਂਜਲੀ ਝੀਲ ਤੋਂ ਆਉਣ ਵਾਲੇ ਪਾਣੀ ਦੇ ਸੈਂਪਲ ਲਏ
ਜਿਸ ਦੇ ਤਹਿਤ ਕੰੰਪਨੀ ਦੇ ਪ੍ਰਤੀਨਿਧੀਆਂ ਸੇਵਾਮੁਕਤ ਕਰਨਲ ਸੁਧੀਰ ਨਾਇਕ, ਸੇਵਾ ਮੁਕਤ ਕਰਨਲ ਰਾਜੂ ਮਠਾਨੀ ਅਤੇ ਐੱਮ. ਐੱਮ. ਮੈਨਨ ਨੇ ਕੈਬਨਿਟ ਮੰਤਰੀ ਦੇ ਪੀ. ਏ. ਮਨਜੀਤ ਸਿੰਘ ਨਿੱਜ਼ਰ ਨੂੰ ਨਾਲ ਲੈ ਕੇ ਸ਼ਹਿਰ ਦੇ ਸਲੱਮ ਖੇਤਰਾਂ ਦਾ ਦੌਰਾ ਕੀਤਾ ਅਤੇ ਅੰਮ੍ਰਿਤਸਰ ਮਾਰਗ 'ਤੇ ਨਿਕਲਣ ਵਾਲੇ ਗੰਦੇ ਨਾਲੇ ਦਾ ਮੁਆਇਨਾ ਕੀਤਾ। ਇਸ ਮੌਕੇ ਕੰੰਪਨੀ ਦੀ ਟੀਮ ਨੇ ਕਾਂਜਲੀ ਝੀਲ ਤੋਂ ਆਉਣ ਵਾਲੇ ਪਾਣੀ ਦੇ ਸੈਂਪਲ ਲਏ।
ਦਰੱਖਤਾਂ ਦੀਆਂ ਪੱਤੀਆਂ ਅਤੇ ਫੁੱਲਾਂ ਨਾਲ ਤਿਆਰ ਕੀਤਾ ਜਾਂਦਾ ਹੈ ਵਿਸ਼ੇਸ਼ ਤਰ੍ਹਾਂ ਦਾ ਤੇਲ
ਕੰੰਪਨੀ ਪ੍ਰਤੀਨਿਧੀ ਨੇ ਦੱਸਿਆ ਕਿ ਉਨ੍ਹਾਂ ਦੀ ਕੰੰਪਨੀ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਨਵੀਂ ਦਿੱਲੀ, ਬੈਂਗਲੁਰੂ, ਮੁੰਬਈ, ਲਕਸ਼ਦੀਪ, ਪਾਲੀ ਅਤੇ ਕੋਚੀਨ ਨੂੰ ਡੇਂਗੂ ਮੱਛਰਾਂ ਤੋਂ ਮੁਕਤ ਕਰਵਾਉਣ 'ਚ ਲਗਾਤਾਰ ਮੁਹਿੰਮ ਚਲਾ ਰਹੀ ਹੈ। ਜਿਸ ਦੇ ਤਹਿਤ ਉਹ 6 ਕਿਸਮ ਦੇ ਦਰੱਖਤਾਂ ਦੀਆਂ ਪੱਤੀਆਂ ਅਤੇ ਫੁੱਲਾਂ ਨੂੰ ਸੁਕਾ ਕੇ ਉਸ ਦੇ ਅਰਕ ਨਾਲ ਵਿਸ਼ੇਸ਼ ਤਰ੍ਹਾਂ ਦਾ ਤੇਲ ਤਿਆਰ ਕਰਦੇ ਹਨ ਤੇ ਉਸ ਨੂੰ ਸ਼ਹਿਰ 'ਚੋਂ ਨਿਕਲਣ ਵਾਲੇ ਪਾਣੀ ਦੇ ਸਰੋਤਾਂ 'ਚ ਛਿੜਕਿਆ ਜਾਂਦਾ ਹੈ। ਇਸ ਤੇਲ ਦੇ ਪ੍ਰਭਾਵ ਕਾਰਨ ਡੇਂਗੂ ਦਾ ਮੱਛਰ ਕੁੱਝ ਹੀ ਮਿੰਟਾਂ 'ਚ ਮਰ ਜਾਂਦਾ ਹੈ। 


Related News