ਸਾਂਝਾ ਮੰਚ ਕੰਟਰੈਕਟਰ ਵਰਕਰਾਂ ਵੱਲੋਂ ਪਰਿਵਾਰਾਂ ਸਣੇ ਪ੍ਰਦਰਸ਼ਨ

08/18/2017 12:40:28 AM

ਘਨੌਲੀ, (ਸ਼ਰਮਾ)- ਕਈ ਸਾਲਾਂ ਤੋਂ ਵੱਖ-ਵੱਖ ਠੇਕੇਦਾਰਾਂ ਤੇ ਕੰਪਨੀਆਂ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਬਣਾਏ ਗਏ ਸਾਂਝਾ ਮੰਚ ਕੰਟਰੈਕਟਰ ਵਰਕਰਾਂ ਨੇ ਮੰਗਾਂ ਸਬੰਧੀ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਮੰਚ ਦੇ ਜਨਰਲ ਸਕੱਤਰ ਕੈਲਾਸ਼ ਜੋਸ਼ੀ ਨੇ ਦੱਸਿਆ ਕਿ ਸੰਘਰਸ਼ ਦੇ ਪਹਿਲੇ ਪੜਾਅ 'ਚ ਯੂਨੀਅਨ ਵੱਲੋਂ ਬੀਤੇ ਦਿਨ ਪਰਿਵਾਰਾਂ ਸਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਤਿੰਨੇ ਥਰਮਲ ਪਲਾਂਟਾਂ (ਰੂਪਨਗਰ, ਬਠਿੰਡਾ, ਲਹਿਰਾ ਮੁਹੱਬਤ) ਨੂੰ ਆਰਡੀਨੇਸ਼ਨ ਕਮੇਟੀ ਵੱਲੋਂ ਜੋ ਧਰਨੇ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ, ਉਨ੍ਹਾਂ ਅਨੁਸਾਰ 21 ਅਗਸਤ ਨੂੰ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਕਰਮਚਾਰੀਆਂ ਦੇ ਬੱਚੇ ਵੀ ਸ਼ਾਮਲ ਹੋਣਗੇ।
ਪ੍ਰਧਾਨ ਕਰਮਵੀਰ ਨੇ ਕਿਹਾ ਕਿ ਕੰਟਰੈਕਟਰ ਕਰਮਚਾਰੀਆਂ ਨੇ ਆਪਣੇ ਜੀਵਨ ਦਾ ਵਧੇਰੇ ਸਮਾਂ ਥਰਮਲ 'ਚ ਕੰਮ ਕਰਦਿਆਂ ਬਿਤਾ ਦਿੱਤਾ ਪਰ ਬੁਢਾਪੇ 'ਚ ਉਨ੍ਹਾਂ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਕਰਮਚਾਰੀਆਂ 'ਚ ਰੋਸ ਹੈ। ਇਸ ਮੌਕੇ ਬਲਵੀਰ ਸਿੰਘ, ਮਹਿੰਦਰ ਸਿੰਘ, ਹਰਭਜਨ ਸਿੰਘ, ਜਸਕਰਨ ਸਿੰਘ, ਸੰਜੇ ਕੁਮਾਰ ਆਦਿ ਮੌਜੂਦ ਸਨ।


Related News