ਭਾਜਪਾਈਆਂ ਦਾ ਕੈਪਟਨ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ

01/17/2018 6:34:44 AM

ਅੰਮ੍ਰਿਤਸਰ,  (ਵੜੈਚ)-  ਪੰਜਾਬ ਸਰਕਾਰ ਦੇ 10 ਮਹੀਨੇ ਪੂਰੇ ਹੋਣ ਉਪਰੰਤ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਵਿਰੋਧ 'ਚ ਭਾਜਪਾ ਨੇਤਾਵਾਂ ਤੇ ਵਰਕਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜ ਕੇ ਜੰਮ ਕੇ ਭੜਾਸ ਕੱਢੀ। ਜ਼ਿਲਾ ਭਾਜਪਾ ਪ੍ਰਧਾਨ ਰਾਜੇਸ਼ ਹਨੀ ਦੀ ਪ੍ਰਧਾਨਗੀ ਹੇਠ ਹਾਲ ਗੇਟ ਵਿਖੇ ਮੁੱਖ ਮੰਤਰੀ ਦਾ ਪੁਤਲਾ ਸਾੜਦਿਆਂ ਕਾਂਗਰਸ ਦੀਆਂ ਜਨਵਿਰੋਧੀ ਨੀਤੀਆਂ ਨੂੰ ਉਜਾਗਰ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਰੋਸ ਪ੍ਰਦਰਸ਼ਨ ਦੌਰਾਨ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਜ਼ਿਲਾ ਪ੍ਰਧਾਨ ਰਾਜੇਸ਼ ਹਨੀ ਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਝੂਠ ਦਾ ਸਹਾਰਾ ਲੈ ਕੇ ਸੱਤਾ 'ਚ ਆਈ ਕਾਂਗਰਸ ਪਹਿਲੇ 10 ਮਹੀਨਿਆਂ ਵਿਚ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ 'ਚੋਂ ਇਕ ਵਾਅਦਾ ਵੀ ਪੂਰਾ ਨਹੀਂ ਕਰ ਸਕੀ। ਆਮ ਆਦਮੀ ਪਾਰਟੀ ਜਿਸ ਤਰ੍ਹਾਂ ਖੇਰੂੰ-ਖੇਰੂੰ ਹੋਈ, ਉਸੇ ਤਰ੍ਹਾਂ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਦੇ ਭ੍ਰਿਸ਼ਟਾਚਾਰੀ ਨੇਤਾਵਾਂ ਦੇ ਅਸਤੀਫੇ ਸ਼ੁਰੂ ਹੋ ਜਾਣਗੇ। ਕਾਂਗਰਸ ਹਰ ਮੋਰਚੇ 'ਤੇ ਫੇਲ ਰਹੀ ਹੈ। ਪੰਜਾਬ ਵਿਚ ਕਿਸਾਨਾਂ ਵੱਲੋਂ ਆਤਮਹੱਤਿਆਵਾਂ ਦਾ ਗ੍ਰਾਫ ਵਧਿਆ ਹੈ। ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਨਾਂ 'ਤੇ ਝੂਠ ਬੋਲਿਆ ਗਿਆ। ਬਿਜਲੀ ਦੇ ਰੇਟ ਵਧਾ ਦਿੱਤੇ ਗਏ, ਆਉਣ ਵਾਲੇ ਦਿਨਾਂ ਵਿਚ ਕਈ ਤਰ੍ਹਾਂ ਦੇ ਟੈਕਸ ਲਾਏ ਜਾਣ ਦੀਆਂ ਗੱਲਾਂ ਚੱਲ ਰਹੀਆਂ ਹਨ। ਗਠਜੋੜ ਸਰਕਾਰ ਦੌਰਾਨ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ, ਯੋਜਨਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਸ ਮੌਕੇ ਕੇਵਲ ਕੁਮਾਰ, ਰਜਿੰਦਰ ਮੋਹਨ ਸਿੰਘ ਛੀਨਾ, ਆਦਰਸ਼ ਭਾਟੀਆ, ਰੀਨਾ ਜੇਤਲੀ, ਮੇਅਰ ਬਖ਼ਸ਼ੀ ਰਾਮ ਅਰੋੜਾ, ਰਾਹੁਲ ਮਹੇਸ਼ਵਰੀ, ਸੁਖਮਿੰਦਰ ਸਿੰਘ ਪਿੰਟੂ, ਅਮਨ ਐਰੀ, ਜਰਨੈਲ ਸਿੰਘ ਢੋਟ, ਅਨੁਜ ਸਿੱਕਾ, ਡਾ. ਰਾਮ ਚਾਵਲਾ, ਮਾਨਵ ਤਨੇਜਾ, ਰਾਜੇਸ਼ ਕੰਧਾਰੀ, ਸੰਜੇ ਸ਼ਰਮਾ, ਰਮਨ ਸ਼ਰਮਾ, ਸਰਵਣ ਨਈਅਰ, ਸੰਜੇ ਕੁੰਦਰਾ, ਸਲਿਲ ਕਪੂਰ, ਸਰਬਜੀਤ ਸਿੰਘ ਸੈਣੀ, ਅਮਰਜੀਤ ਕੌਰ, ਏਕਤਾ ਵੋਹਰਾ, ਸੁਪਨਾ ਭੱਟੀ, ਪੱਪੂ ਮਹਾਜਨ, ਚੰਦਰ ਸ਼ੇਖਰ ਸ਼ਰਮਾ, ਮੀਨੂ ਸਹਿਗਲ, ਤਲਵਿੰਦਰ ਸਿੰਘ ਬੰਟੀ ਭਾਟੀਆ, ਸੁਰਿੰਦਰ ਸ਼ਰਮਾ, ਹਰਸ਼ ਖੰਨਾ, ਪਵਨ ਸ਼ਰਮਾ, ਸਾਬੀ, ਸਾਜਨ, ਰਿੰਕੂ ਸ਼ਰਮਾ, ਜੋਗਿੰਦਰ ਬਾਵਾ ਤੇ ਰਮਨ ਰਾਠੌਰ ਮੌਜੂਦ ਸਨ। 
ਜੋਸ਼ੀ ਨੇ ਸਿੱਧੂ ਨੂੰ ਲਿਆ ਲੰਬੇ ਹੱਥੀਂ : ਅਨਿਲ ਜੋਸ਼ੀ ਨੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਉਸ ਦਾ ਹਾਲ ਹੰਕਾਰੀ ਰਾਵਣ ਦੀ ਤਰ੍ਹਾਂ ਹੋ ਰਿਹਾ ਹੈ। ਉਸ ਦੀ ਨਜ਼ਰ 'ਚ ਔਰਤ ਦਾ ਇੱਜ਼ਤ-ਸਨਮਾਨ ਨਹੀਂ ਹੈ। ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਰੌਲਾ ਪਾਇਆ, ਫਿਰ ਨੁਕਰੇ ਲਾ ਦਿੱਤਾ ਗਿਆ। ਸਿੱਧੂ ਕਹਿੰਦਾ ਭਾਜਪਾ ਪੱਲੇ ਕੁਝ ਨਹੀਂ, ਫਿਰ ਕੇਂਦਰ ਦੀ ਭਾਜਪਾ ਸਰਕਾਰ ਕੋਲ ਕੀ ਲੈਣ ਜਾਂਦੇ ਹਨ। ਗਠਜੋੜ ਦੇ ਪ੍ਰਾਜੈਕਟਾਂ ਅਤੇ ਬਣੇ-ਬਣਾਏ ਪੁਲ 'ਤੇ ਖੜ੍ਹਾ ਹੋ ਜਾਣ ਨਾਲ ਸਿੱਧੂ ਝੂਠੀ ਸ਼ੌਹਰਤ ਲੈਣਾ ਚਾਹੁੰਦੇ ਹਨ। ਜਿਹੜਾ ਬੰਦਾ ਬੀ. ਆਰ. ਟੀ. ਐੱਸ. ਖਿਲਾਫ ਬੋਲਦਾ ਸੀ, ਹੁਣ ਪ੍ਰਾਜੈਕਟਾਂ ਨੂੰ ਆਪਣੇ ਨਾਂ ਨਾਲ ਜੋੜਨਾ ਚਾਹੁੰਦਾ ਹੈ ਪਰ ਲੋਕ ਸਭ ਕੁਝ ਜਾਣਦੇ ਹਨ। 
ਜੋਸ਼ੀ ਨੇ ਕਿਹਾ ਕਿ ਸਿੱਧੂ ਸਿਰਫ ਗੱਪਾਂ ਮਾਰਨ ਦਾ ਧਨੀ ਹੈ ਪਰ ਜਨਤਾ ਨੂੰ ਤਾਂ ਵਿਕਾਸ ਕੰਮ ਚਾਹੀਦੇ ਹਨ, ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਹੋਣੇ ਚਾਹੀਦੇ ਹਨ, ਜੋ ਅਜੇ ਤੱਕ ਪੂਰੇ ਨਹੀਂ ਹੋ ਸਕੇ। 


Related News