ਪੇਂਡੂ ਡਾਕ ਸੇਵਕਾਂ ਨੇ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ

08/17/2017 2:55:42 PM


ਫਾਜ਼ਿਲਕਾ(ਲੀਲਾਧਰ)—ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੂਰੇ ਦੇਸ਼ ਵਿਚ ਪੇਂਡੂ ਡਾਕ ਸੇਵਕ ਅੱਜ ਤੋਂ ਅਣਮਿੱਥੇ ਸਮੇਂ ਲਈ ਮੁਕੰਮਲ ਹੜਤਾਲ 'ਤੇ ਚਲੇ ਗਏ। ਇਸ ਦੇਸ਼ ਵਿਆਪੀ ਹੜਤਾਲ ਸੰਬੰਧੀ ਕੀਤੀ ਗਈ ਅਪੀਲ ਦੇ ਤਹਿਤ ਅੱਜ ਜ਼ਿਲਾ ਫਾਜ਼ਿਲਕਾ ਦੀ ਪੇਂਡੂ ਡਾਕ ਸੇਵਕ ਯੂਨੀਅਨ ਦੇ ਮੈਂਬਰਾਂ ਨੇ ਅਣਮਿੱਥੇ ਸਮੇਂ ਦੀ ਹੜ੍ਹਤਾਲ ਦੀ ਸ਼ੁਰੂਆਤ ਕਰਕੇ ਸਥਾਨਕ ਵੱਡੇ ਡਾਕਘਰ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। 
ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸਹਾਇਕ ਸਰਕਲ ਸਕੱਤਰ ਸ਼ਗਨ ਲਾਲ ਉਪਨੇਜਾ, ਜਸਵਿੰਦਰ ਜੀਤ ਸਿੰਘ ਕੀੜਿਆਂ ਵਾਲਾ, ਮਹਿੰਦਰ ਚੱਕ ਬਨਵਾਲਾ, ਹਰਵਿੰਦਰ ਸਿੰਘ ਕੀੜਿਆਂ ਵਾਲਾ, ਸ਼ਾਮ ਸੁੰਦਰ, ਮਹਿੰਦਰ ਰਾਣਾ, ਸਵਰਣ ਸਿੰਘ ਹਸਤਾ ਕਲਾਂ, ਸੁਖਵਿੰਦਰ ਸਿੰਘ ਚਿਮਨੇਵਾਲਾ, ਜੱਗਾ ਸਿੰਘ ਮੌਜ਼ਮ, ਬੂੜ ਸਿੰਘ ਮੌਜ਼ਮ, ਅਸ਼ੋਕ ਘੱਲੂ, ਇੰਦਰਸੈਨ, ਸ਼੍ਰੀਰਾਮ, ਹਰਵਿੰਦਰ ਕੌਰ ਲਾਧੂਕਾ, ਸੁਭਾਸ਼ ਬਹਿਕ ਖਾਸ, ਮਾਹੀਪਾਲ ਲਾਧੁਕਾ, ਬੇਅੰਤ ਕੌਰ ਜੋੜਕੀ, ਸੋਂਪੀ, ਸੁਨੀਤਾ, ਮਨਜੀਤ ਕੌਰ ਨੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਡਾਕ ਸੇਵਕਾਂ ਨੂੰ ਅਜਿਹਾ ਕਦਮ ਮਜਬੂਰ ਹੋ ਕੇ ਚੁੱਕਣਾ ਪੈ ਰਿਹਾ ਹੈ। ਸਰਕਾਰ ਵੱਲੋਂ ਪੇਂਡੂ ਡਾਕ ਸੇਵਕਾਂ ਦੀ 7ਵੇਂ ਪੇ ਕਮਿਸ਼ਨ ਦੀ ਇਕ ਅਲੱਗ ਕਮੇਟੀ ਕਮਲੇਸ਼ ਚੰਦਰਾ ਨੂੰ ਸੌਂਪੀ ਗਈ ਸੀ, ਜਿਨ੍ਹਾਂ ਨੇ ਕਾਫੀ ਮਹੀਨੇ ਪਹਿਲਾਂ ਹੀ ਆਪਣੀ ਰਿਪੋਰਟ ਵਿਭਾਗ ਅਤੇ ਸਰਕਾਰ ਨੂੰ ਸੌਂਪ ਦਿੱਤੀ ਸੀ ਪਰ ਅੱਜ ਤੱਕ ਵੀ ਪੇਂਡੂ ਡਾਕ ਸੇਵਕਾਂ ਦੇ ਲਈ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ 7ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। 

ਮੰਗਾਂ ਮੰਨਣ ਤੱਕ ਹੜਤਾਲ ਨੂੰ ਜਾਰੀ ਰੱਖਣ ਦੀ ਦਿੱਤੀ ਚਿਤਾਵਨੀ
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਵਿਭਾਗ ਨੇ ਪੇਂਡੂ ਡਾਕ ਸੇਵਕਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਵੱਲੋਂ ਚਿੱਠੀਆਂ ਦਾ ਅਦਾਨ-ਪ੍ਰਦਾਨ ਕਰਨ ਵਾਲੇ ਕੇਵਲ ਪੇਂਡੂ ਡਾਕ ਸੇਵਕ ਦੇ ਰੂਪ ਵਿਚ ਹੀ ਕੰਮ ਕੀਤਾ ਜਾਵੇਗਾ ਅਤੇ ਵਿਭਾਗ ਦਾ ਕੋਈ ਵੀ ਸੇਵਿੰਗ ਟਾਰਗੇਟ ਪੂਰਾ ਨਹੀਂ ਕੀਤਾ ਜਾਵੇਗਾ। ਪੇਂਡੂ ਡਾਕ ਸੇਵਕਾਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਹੜਤਾਲ ਤਦ ਤੱਕ ਜਾਰੀ ਰਹੇਗੀ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ।


Related News