ਮਜ਼ਦੂਰ ਜਥੇਬੰਦੀਆਂ ਲਾਇਆ ਪੁਲਸ ਚੌਕੀ ਅੱਗੇ ਧਰਨਾ

08/17/2017 2:16:16 AM

ਨਿਹਾਲ ਸਿੰਘ ਵਾਲਾ,   (ਬਾਵਾ)- ਅੱਜ ਪੰਜਾਬ ਦੀਆਂ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਪੁਲਸ ਚੌਕੀ ਬਿਲਾਸਪੁਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਬਿਲਾਸਪੁਰ ਦੇ ਇਕ ਕਿਸਾਨ ਨੇ ਦਲਿਤ ਔਰਤਾਂ, ਜੋ ਕਿ ਪਸ਼ੂਆਂ ਲਈ ਖੇਤਾਂ 'ਚੋਂ ਚਾਰਾ ਲੈਣ ਆਈਆਂ ਸਨ, ਨਾਲ ਗਾਲੀ-ਗਲੋਚ ਕੀਤਾ ਅਤੇ ਜਾਤੀ ਸੂਚਕ ਸ਼ਬਦ ਬੋਲੇ ਅਤੇ ਬੁਰਾ ਵਰਤਾਓ ਵੀ ਕੀਤਾ। 
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਚੌਕੀ ਬਿਲਾਸਪੁਰ ਵਿਖੇ ਉਕਤ ਕਿਸਾਨ ਖਿਲਾਫ ਦਰਖਾਸਤ ਦਿੱਤੀ ਗਈ ਹੈ, ਜਿਸ 'ਤੇ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਇਸ ਦੇ ਉਲਟ ਰਾਜ਼ੀਨਾਮਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਸਮੇਂ ਇਸਤਰੀ ਜਾਗਰਤੀ ਮੰਚ ਦੀ ਆਗੂ ਇਕਬਾਲ ਦਾਸੀ, ਚਰਨਜੀਤ ਕੌਰ, ਪਰਮਜੀਤ ਕੌਰ, ਗੁਰਦੇਵ ਕੌਰ, ਲੱਛੋ ਕੌਰ ਅਤੇ ਜਥੇਬੰਦੀ ਆਗੂ ਜਗਰਾਜ ਸਿੰਘ ਨੇ ਕਿਹਾ ਕਿ ਪੁਲਸ ਇਸ ਮਾਮਲੇ 'ਚ ਕਿਸਾਨ ਦਾ ਪੱਖ ਪੂਰਦੀ ਹੋਈ ਢਿੱਲ ਕਰ ਰਹੀ ਹੈ, ਜੋ ਕਿ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ।  ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਵੱਲੋਂ ਬੁਰਾ ਵਰਤਾਓ ਕਰਨ ਵਾਲੇ ਕਿਸਾਨ ਖਿਲਾਫ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਧਰਨੇ ਦੌਰਾਨ ਮਜ਼ਦੂਰ ਆਗੂ ਜੀਵਨ ਸਿੰਘ ਬਿਲਾਸਪੁਰ, ਡਾ. ਗੁਰਮੇਲ ਸਿੰਘ ਮਾਛੀਕੇ, ਹਰਭਜਨ ਸਿੰਘ ਭੱਟੀ, ਹਰਬੰਸ ਸਿੰਘ, ਨਿਰਭੈ ਸਿੰਘ ਅਤੇ ਸ਼ਮਸ਼ੇਰ ਸਿੰਘ ਸ਼ੇਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ 'ਚ ਮਜ਼ਦੂਰ ਹਾਜ਼ਰ ਸਨ। 

ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਇਸ ਮਾਮਲੇ ਸਬੰਧੀ ਜਦੋਂ ਸਬੰਧਿਤ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਦੋਵਾਂ ਧਿਰਾਂ ਨੂੰ ਚੌਕੀ ਬੁਲਾਇਆ ਗਿਆ ਸੀ ਪਰ ਦਰਖਾਸਤੀ ਧਿਰ ਦਿੱਤੇ ਸਮੇਂ 'ਤੇ ਨਾ ਪਹੁੰਚੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅੱਜ ਡਿਊਟੀ ਕਿਤੇ ਹੋਰ ਲੱਗ ਜਾਣ ਕਰ ਕੇ ਦੋਵਾਂ ਧਿਰਾਂ ਨੂੰ ਨਹੀਂ ਬੁਲਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।


Related News