ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ

08/19/2017 12:40:11 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਸੂਬਾ ਕਮੇਟੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਮੁਤਾਬਕ ਜ਼ਿਲਾ ਬਰਨਾਲਾ ਦੀ ਇਕਾਈ ਵੱਲੋਂ ਪ੍ਰਧਾਨ ਗੁਰਮੀਤ ਸੁਖਪੁਰਾ ਅਤੇ ਸਕੱਤਰ ਰਾਜੀਵ ਕੁਮਾਰ ਦੀ ਅਗਵਾਈ ਵਿਚ ਅੱਜ ਪੁਰਾਣੇ ਬੱਸ ਸਟੈਂਡ ਵਾਲੇ ਵਾਟਰ ਵਰਕਸ 'ਤੇ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਗੁਰਮੇਲ ਭੁਟਾਲ, ਜਗਜੀਤ ਠੀਕਰੀਵਾਲਾ, ਮਾਲਵਿੰਦਰ ਬਰਨਾਲਾ ਨੇ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੱਲੋਂ ਜਥੇਬੰਦੀ ਨਾਲ ਜਾਣਬੁੱਝ ਕੇ ਪੈਦਾ ਕੀਤੇ ਟਕਰਾਅ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਆਉਣ ਵਾਲੇ ਸਮੇਂ ਵਿਚ ਸਿੱਖਿਆ ਮੰਤਰੀ ਵੱਲੋਂ ਅੜੀਅਲ ਰਵੱਈਏ ਦਾ ਤਿਆਗ ਨਾ ਕੀਤਾ ਗਿਆ ਤਾਂ ਜਥੇਬੰਦੀ ਆਪਣੇ ਸੰਘਰਸ਼ ਨੂੰ ਪੰਜਾਬ ਪੱਧਰ 'ਤੇ ਲੈ ਕੇ ਜਾਵੇਗੀ। ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਹਜ਼ਾਰਾਂ ਅਧਿਆਪਕ ਠੇਕੇਦਾਰੀ ਸਿਸਟਮ ਅਧੀਨ ਸ਼ੋਸ਼ਣ ਦਾ ਸੰਤਾਪ ਹੰਢਾ ਰਹੇ ਹਨ। ਇਨ੍ਹਾਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ ਉਪਰ ਸਕੂਲਾਂ ਵਿਚ ਪੜ੍ਹਾਉਣਾ ਪੈ ਰਿਹਾ ਹੈ। ਇਨ੍ਹਾਂ ਦਾ ਭਵਿੱਖ ਅਸੁਰੱਖਿਅਤ ਹੈ ਕਿਉਂਕਿ ਇਨ੍ਹਾਂ ਉਪਰ ਨਵੀਂ ਪੈਨਸ਼ਨ ਸਕੀਮ ਦੀਆਂ ਮੱਦਾਂ ਲਾਗੂ ਹਨ।
ਇਸ ਮੌਕੇ ਐੱਸ ਐੱਸ. ਏ/ਰਮਸਾ ਅਧਿਆਪਕ ਯੂਨੀਅਨ ਦੇ ਨਿਰਮਲ ਚੁਹਾਣਕੇ, ਸੁਖਦੀਪ ਤਪਾ, 5178 ਅਧਿਆਪਕ ਯੂਨੀਅਨ ਦੇ ਲਖਵੀਰ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜੁਗਰਾਜ ਸਿੰਘ ਅਤੇ ਖੁਸ਼ਮਿੰਦਰਪਾਲ, ਮਹਿਮਾ ਸਿੰਘ, ਸੁਰਿੰਦਰ ਕੁਮਾਰ, ਹਰਿੰਦਰ ਮੱਲੀਆਂ ਤੇ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।


Related News