ਕੂੜੇ ਦੇ ਡੰਪ ਨੂੰ ਸ਼ਹਿਰੋਂ ਬਾਹਰ ਕੱਢਣ ਦੀ ਇਲਾਕਾ ਵਾਸੀਆਂ ਕੀਤੀ ਮੰਗ

06/24/2017 7:53:10 AM

ਤਰਨਤਾਰਨ, (ਮਿਲਾਪ)- ਪੰਚਮ ਪਾਤਸ਼ਾਹ ਦੀ ਵਸਾਈ ਨਗਰੀ ਸ੍ਰੀ ਤਰਨਤਾਰਨ ਸਾਹਿਬ ਜਿਥੇ ਸਾਬਕਾ ਅਕਾਲੀ ਸਰਕਾਰ ਵਿਕਾਸ ਦੇ ਦਾਅਵੇ ਕਰਦੀ 10 ਸਾਲ ਬਿਤਾਅ ਗਈ, ਉੱਥੇ ਸ਼ਹਿਰ 'ਚ ਕੂੜੇ ਦੇ ਡੰਪ ਦੇ ਸਤਾਏ ਲੋਕ ਅਕਾਲੀ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ ਅਤੇ ਮੌਜੂਦਾ ਕਾਂਗਰਸ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਇਸ ਕੂੜੇ ਦੇ ਡੰਪ ਨੂੰ ਸ਼ਹਿਰ ਦੀ ਹੋਂਦ ਤੋਂ ਬਾਹਰ ਕੱਢਿਆ ਜਾਵੇ। ਇਸ ਡੰਪ ਦੇ ਨੇੜੇ ਕਰੀਬ 500 ਕੋਠੀਆਂ ਤੇ ਮਕਾਨ, ਸੇਵਾ ਦੇਵੀ ਕਾਲਜ, ਟੱਕਰ ਸਾਹਿਬ ਗੁਰਦੁਆਰਾ, ਨਿੱਜੀ ਅਕੈਡਮੀ, ਕਾਰ ਸੇਵਾ ਡੇਰਾ ਤੇ ਧਾਰਮਿਕ ਸੰਸਥਾ ਦਾ ਮਲਟੀਪੋਲਿਸਟ ਹਸਪਤਾਲ ਹੈ, ਜਿਸ ਨਾਲ ਇਥੋਂ ਲੰਘਣ ਵਾਲੇ ਰਾਹਗੀਰ ਹੀ ਨਹੀਂ ਸਗੋਂ ਸ਼ਰਧਾਲੂ ਅਤੇ ਵਿਦਿਆਰਥੀ ਵੀ ਪ੍ਰੇਸ਼ਾਨ ਹੁੰਦੇ ਹਨ।
 ਇਸ ਮੌਕੇ ਇਲਾਕੇ ਦੇ ਮੋਹਤਬਰਾਂ ਨੇ ਦੱਸਿਆ ਕਿ ਡੰਪ ਤੋਂ ਕੁਝ ਦੂਰ ਕੌਲਾਂ ਦੇਵੀ ਮੰਦਿਰ ਵੀ ਹੈ। ਇਸ ਦੇ ਬਾਵਜੂਦ ਸਰਕਾਰ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕੂੜੇ ਦੇ ਗੰਦੇ ਢੇਰ 'ਤੇ ਆਵਾਰਾ ਕੁੱਤੇ ਤੇ ਗਾਵਾਂ ਆਮ ਹੀ ਦਿਖਾਈ ਦਿੰਦੇ ਹਨ ਅਤੇ ਬਰਸਾਤੀ ਮੌਸਮ 'ਚ ਜਦੋਂ ਹਵਾ ਚੱਲਦੀ ਹੈ ਤਾਂ ਬਹੁਤ ਗੰਦੀ ਬਦਬੂ ਆਉਂਦੀ ਹੈ, ਜਿਸ ਨਾਲ ਇਲਾਕੇ 'ਚ ਕਈ ਖਤਰਨਾਕ ਬੀਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਗੰਦਗੀ ਕਾਰਨ ਇਸ ਇਲਾਕੇ 'ਚ ਆਵਾਜਾਈ ਵਿਰਲੀ ਹੋਣ ਕਰ ਕੇ ਲੁਟੇਰੇ ਵੀ ਕਈ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਸਮੇਂ ਸਤਨਾਮ ਸਿੰਘ, ਸਰਬਜੀਤ ਸਿੰਘ, ਅਕਾਸ਼ਦੀਪ ਸਿੰਘ, ਜਸ਼ਨਬੀਰ ਸਿੰਘ, ਜਸਪਾਲ ਸਿੰਘ, ਅਮਰੀਕ ਸਿੰਘ, ਤੁਫਾਨ ਸਿੰਘ, ਨਰਿੰਦਰ ਸਿੰਘ ਆਦਿ ਨੇ ਕਿਹਾ ਕਿ ਇਲਾਕੇ 'ਚੋਂ ਮੁਰਾਦਪੁਰਾ ਨਾਲਾ ਵੀ ਲੰਘਾਇਆ ਹੈ, ਜਿਸ 'ਚ ਕੋਈ ਸਫਾਈ ਨਹੀਂ ਹੈ। ਗੰਦਾ ਪਾਣੀ ਵੀ ਲੰਮੇ ਸਮੇਂ ਤੋਂ ਖੜ੍ਹਾ ਬਦਬੂ ਮਾਰ ਰਿਹਾ ਹੈ।
 ਉਨ੍ਹਾਂ ਕਿਹਾ ਕਿ ਸਾਡੀ ਮੌਜੂਦਾ ਵਿਧਾਇਕ ਡਾ. ਅਗਨੀਹੋਤਰੀ ਨੂੰ ਅਪੀਲ ਹੈ ਕਿ ਉਹ ਜਿੰਨਾ ਵੀ ਜਲਦੀ ਹੋਵੇ ਇਸ ਸਮੱਸਿਆ ਦਾ ਹੱਲ ਕਰ ਕੇ ਗੰਦੇ ਡੰਪ ਨੂੰ ਸ਼ਹਿਰ 'ਚੋਂ ਬਾਹਰ ਕੱਢਣ ਅਤੇ ਰਿਹਾਇਸ਼ੀ ਲੋਕਾਂ ਨੂੰ ਸੁਵਿਧਾ ਦੇਣ। ਕਈ ਮੋਹਤਬਰਾਂ ਨੇ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਨੂੰ ਵੀ ਮਿਲ ਕੇ ਇਸ ਸਮੱਸਿਆ ਬਾਰੇ ਲਿਖਤੀ ਮੰਗ ਪੱਤਰ ਦਿੱਤਾ ਹੈ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਅਤੇ ਸਾਨੂੰ ਮੌਜੂਦਾ ਕਾਂਗਰਸ ਸਰਕਾਰ 'ਤੇ ਬਹੁਤ ਆਸ ਹੈ ਕਿ ਉਹ ਜਲਦ ਸਾਡੀਆਂ ਇਨ੍ਹਾਂ ਤਕਲੀਫਾਂ ਨੂੰ ਸਮਝਦੇ ਹੋਏ ਇਸ ਮੁਸ਼ਕਲ ਤੋਂ ਸਾਨੂੰ ਨਿਜਾਤ ਦਿਵਾਏਗੀ।


Related News