ਅਗਵਾ ਕਰ ਕੇ ਮਾਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

Friday, April 21, 2017 2:19 PM
ਅਗਵਾ ਕਰ ਕੇ ਮਾਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

ਝਬਾਲ, (ਨਰਿੰਦਰ)—ਪਿੰਡ ਝਬਾਲ ਖੁਰਦ ਵਾਸੀ ਧੰਨਬੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਉਸ ਨੂੰ ਅਗਵਾ ਕਰ ਕੇ ਕਤਲ ਕਰਨ ਦੀ ਨੀਅਤ ਨਾਲ ਗੰਭੀਰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਵਾਲੇ ਕਥਿਤ ਦੋਸ਼ੀ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵੱਲੋਂ ਵੀ ਭਗੌੜੇ ਕਰਾਰ ਦਿੱਤਾ ਗਿਆ ਹੈ, ਨੂੰ ਪੁਲਸ ਵੱਲੋਂ ਗ੍ਰਿਫਤਾਰ ਨਾ ਕਰਨ ਦੇ ਦੋਸ਼ ਲਾਏ ਹਨ।
ਜਾਣਕਾਰੀ ਦਿੰਦਿਆਂ ਪੀੜਤ ਧੰਨਬੀਰ ਸਿੰਘ ਨੇ ਦੱਸਿਆ ਕਿ 16 ਸਤੰਬਰ 2015 ਦੀ ਸ਼ਾਮ ਨੂੰ ਜਦੋਂ ਉਹ ਆਪਣੀ ਮੋਪੇਡ ''ਤੇ ਸਵਾਰ ਹੋ ਕੇ ਆਪਣੇ ਘਰ ਪਰਤ ਰਿਹਾ ਸੀ ਤਾਂ ਦੋਸ਼ੀ ਦਿਲਬਾਗ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਪੁਰਾਣੀ ਰੰਜਿਸ਼ ਤਹਿਤ ਉਸ ਨੂੰ ਅਗਵਾ ਕਰ ਲਿਆ ਗਿਆ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਸੱਟਾਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਕੇ ਸੂਆ (ਨਹਿਰ) ਮੀਆਂਪੁਰ ਨਜ਼ਦੀਕ ਸੁੱਟ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਇਕ ਲੱਤ ਬੁਰੀ ਤਰ੍ਹਾਂ ਖਰਾਬ ਹੋ ਗਈ, ਜਿਸ ਨੂੰ ਡਾਕਟਰਾਂ ਵੱਲੋਂ ਇਲਾਜ ਦੌਰਾਨ ਕੱਟ ਦਿੱਤਾ ਗਿਆ ਹੈ ਤੇ ਉਹ ਇਸ ਸਮੇਂ ਤੋਂ ਅੰਗਹੀਣ ਵਿਅਕਤੀ ਦੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਦੱਸਿਆ ਕਿ ਉਕਤ ਮਾਮਲੇ ''ਚ ਥਾਣਾ ਝਬਾਲ ਦੀ ਪੁਲਸ ਨੇ ਮੁਕੱਦਮਾ ਨੰਬਰ 101 ਦਰਜ ਕਰਦਿਆਂ ਇਰਾਦਾ ਕਤਲ ਤਹਿਤ ਦਿਲਬਾਗ ਸਿੰਘ, ਉਸ ਦੀ ਪਤਨੀ ਗੁਰਮੀਤ ਕੌਰ, ਲੜਕਾ ਰੋਬਿਨ, ਭਰਾ ਸਾਹਿਬ ਸਿੰਘ, ਜਸਪਾਲ ਸਿੰਘ ਅਤੇ ਜੀਜਾ ਕਸ਼ਮੀਰ ਸਿੰਘ ਵਿਰੁੱਧ ਕੇਸ ਦਰਜ ਕਰਦਿਆਂ ਮੁੱਖ ਦੋਸ਼ੀ ਦਿਲਬਾਗ ਸਿੰਘ ਨੂੰ ਕਾਬੂ ਕਰ ਕੇ ਜੇਲ ਭੇਜ ਦਿੱਤਾ ਸੀ ਤੇ ਬਾਕੀ ਕਥਿਤ ਦੋਸ਼ੀਆਂ ਵੱਲੋਂ ਆਪਣੇ ਬਚਾਅ ਲਈ ਹਾਈਕੋਰਟ ਤੋਂ ਬਾਅਦ ਸੁਪਰੀਮ ਕੋਰਟ ''ਚ ਵੀ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਦੋਵਾਂ ਕੋਰਟਾਂ ਵੱਲੋਂ ਰੱਦ ਕਰਦਿਆਂ ਕਥਿਤ ਦੋਸ਼ੀਆਂ ਨੂੰ ਭਗੌੜੇ ਕਰਾਰ ਦਿੰਦਿਆਂ ਮਾਣਯੋਗ ਕੋਰਟ ਨੇ ਪੁਲਸ ਨੂੰ 7 ਅਪ੍ਰੈਲ 2017 ਨੂੰ ਹੁਕਮ ਜਾਰੀ ਕੀਤੇ ਸਨ ਕਿ ਇਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੋਸ਼ੀ ਬਾਹਰ ਹੋਣ ਕਰਕੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਖਤਰਾ ਬਣਿਆ ਹੋਇਆ ਹੈ। ਥਾਣਾ ਝਬਾਲ ਦੇ ਮੁਖੀ ਹਰਚੰਦ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚਾਰਜ ਸੰਭਾਲਣ ਉਪਰੰਤ ਉਕਤ ਕੇਸ ਦੇ ਦੋਸ਼ੀਆਂ ''ਤੇ ਬਣਾਏ ਗਏ ਦਬਾਅ ਕਾਰਨ ਜਿਥੇ ਦੋਸ਼ੀ ਸਾਹਿਬ ਸਿੰਘ, ਜਸਪਾਲ ਸਿੰਘ ਅਤੇ ਰੋਬਿਨ ਵੱਲੋਂ ਅਦਾਲਤ ''ਚ ਆਤਮ ਸਮਰਪਣ ਕਰ ਦਿੱਤਾ ਗਿਆ ਸੀ ਤੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਰਿਮਾਂਡ ਖਤਮ ਹੋਣ ਉਪਰੰਤ ਜੇਲ ਭੇਜ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਮਾਮਲੇ ''ਚ ਨਾਮਜ਼ਦ ਕਸ਼ਮੀਰ ਸਿੰਘ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਦਕਿ ਦਿਲਬਾਗ ਸਿੰਘ ਦੀ ਪਤਨੀ ਗੁਰਮੀਤ ਕੌਰ ਵੱਲੋਂ ਉਸ ਦਾ ਨਾਂ ਪਰਚੇ ''ਚ ਨਾਜਾਇਜ਼ ਪਾਉਣ ਸਬੰਧੀ ਐੱਸ. ਪੀ. ਦਿਹਾਤੀ ਅੰਮ੍ਰਿਤਸਰ ਪਾਸ ਇਨਕੁਆਰੀ ਲਾਈ ਹੋਈ ਹੈ ਤੇ ਜੋ ਵੀ ਅਗਲੇ ਹੁਕਮ ਜਾਰੀ ਹੋਣਗੇ ਅਮਲ ''ਚ ਲਿਆਂਦੇ ਜਾਣਗੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!