ਇਟਲੀ ਸਰਕਾਰ ਵਲੋਂ ਜਾਰੀ ਕ੍ਰਿਪਾਨ ਦੇ ਮਾਡਲ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪੇ

06/27/2017 10:27:42 AM

ਅੰਮ੍ਰਿਤਸਰ - ਇਟਲੀ ਸਰਕਾਰ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸਿੱਖੀ ਦੇ ਕਕਾਰ (ਕ੍ਰਿਪਾਨ) ਤੋਂ ਪਾਬੰਦੀ ਹਟਾ ਕੇ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਅੱਜ ਰਸਮੀ ਤੌਰ 'ਤੇ ਦਿੱਤੀ। ਇਸ ਸਬੰਧੀ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਦੇ ਯਤਨਾਂ ਸਦਕਾ ਅੱਜ ਇਟਲੀ ਤੋਂ ਅੰਮ੍ਰਿਤਸਰ ਪੁੱਜੇ ਇਕ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇਟਲੀ ਸਰਕਾਰ ਵਲੋਂ ਨਵੀਆਂ ਜਾਰੀ ਕੀਤੀਆਂ ਗਈਆਂ ਕ੍ਰਿਪਾਨਾਂ ਦੇ ਮਾਡਲ ਭੇਟ ਕੀਤੇ। 
ਇਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਹਰੇਕ ਸਿੱਖ ਲਈ ਪੰਜ ਕਕਾਰ ਪਹਿਨਣੇ ਜ਼ਰੂਰੀ ਕੀਤੇ ਸਨ ਜਿਨ੍ਹਾਂ 'ਚੋਂ ਕ੍ਰਿਪਾਨ ਸਭ ਤੋਂ ਅਹਿਮ ਹੈ ਪਰ ਇਟਲੀ 'ਚ ਪਿਛਲੇ ਕੁਝ ਸਾਲਾਂ ਤੋਂ ਸਿੱਖਾਂ 'ਤੇ ਕ੍ਰਿਪਾਨ ਪਹਿਨਣ ਅਤੇ ਘਰਾਂ 'ਚ ਰੱਖਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਅੱਜ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਤੇ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਦੇ ਯਤਨਾਂ ਸਦਕਾ ਇਟਲੀ ਸਰਕਾਰ ਨੇ ਇਹ ਪਾਬੰਦੀ ਖਤਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਟਲੀ ਸਰਕਾਰ ਵਲੋਂ ਕ੍ਰਿਪਾਨ ਦੇ ਤਿਆਰ ਕੀਤੇ ਗਏ ਜਿਹੜੇ ਮਾਡਲ ਸਾਨੂੰ ਭੇਜੇ ਗਏ ਹਨ ਉਨ੍ਹਾਂ 'ਤੇ ਪੰਜ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੀਟਿੰਗ ਕਰ ਕੇ ਵਿਚਾਰ ਕੀਤਾ ਜਾਵੇਗਾ।  ਇਸ ਸਬੰਧੀ ਇਟਲੀ ਤੋਂ ਵਫਦ 'ਚ ਪੁੱਜੇ ਰੋਸੀ ਰੋਬੇਰਤੋ, ਲੰਦੀਨੀ ਲੋਰੇਂਜੋ, ਪਾਰੀ ਅਲਫੀਓ ਲੂਈਜੀ (ਤਿੰਨੇ) ਸਾਬਕਾ ਪੁਲਸ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਰਲਡ ਕ੍ਰਿਪਾਨ ਆਰਗਨਾਈਜ਼ੇਸ਼ਨ ਵਲੋਂ ਇਟਲੀ 'ਚ ਇਹ ਕ੍ਰਿਪਾਨ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ ਪਹਿਨਣ ਵਾਲੇ ਹਰੇਕ ਸਿੱਖ ਨੂੰ ਇਕ ਪਛਾਣ ਪੱਤਰ ਜਾਰੀ ਕੀਤਾ ਜਾਵੇਗਾ ਤੇ ਜਿਸ ਕੋਲ ਇਹ ਪਛਾਣ ਪੱਤਰ ਹੋਵੇਗਾ ਉਸ ਨੂੰ ਕ੍ਰਿਪਾਨ ਪਹਿਨਣ 'ਤੇ ਕਿਸੇ ਵੀ ਜਗ੍ਹਾ ਕੋਈ ਮੁਸ਼ਕਲ ਪੇਸ਼ ਨਹੀ ਆਵੇਗੀ। ਉਨ੍ਹਾਂ ਦੱਸਿਆ ਕਿ ਇਹ ਕ੍ਰਿਪਾਨ ਸਿਰਫ ਸਿੱਖ ਕੌਮ ਲਈ ਹੀ ਬਣਾਈ ਗਈ ਹੈ ਜਿਸ ਨੂੰ ਹੋਰ ਧਰਮਾਂ ਦੇ ਲੋਕ ਨਹੀਂ ਖਰੀਦ ਸਕਣਗੇ।


Related News