4 ਲੱਖ ਦਾ ਕਰਜ਼ਾ ਬਣਿਆ 7 ਲੱਖ, ਦੁੱਖਾਂ ''ਚ ਡੁੱਬੇ ਕਿਸਾਨ ਨੇ ਕਰ ਲਈ ਖੁਦਕੁਸ਼ੀ

01/17/2018 5:59:35 PM

ਫਗਵਾੜਾ (ਹਰਜੋਤ) : ਇੱਥੋਂ ਦੇ ਨਜ਼ਦੀਕੀ ਪਿੰਡ ਭਾਣੌਕੀ ਵਿਖੇ ਕਰਜ਼ੇ ਤੋਂ ਸਤਾਏ ਇਕ (40 ਸਾਲਾ) ਕਿਸਾਨ ਨੇ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਦੀਪਾ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਭਾਣੌਕੀ ਵੱਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਤਿੰਨ ਲੜਕੇ ਛੱਡ ਗਿਆ ਹੈ। ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਪਾਸ 7 ਕਨਾਲ ਜ਼ਮੀਨ ਹੈ ਪਹਿਲਾਂ ਉਸ ਦੀ ਸੱਸ ਨੇ ਪਿੰਡ ਦੀ ਸੁਸਾਇਟੀ ਤੋਂ 2 ਲੱਖ ਦਾ ਕਰਜ਼ਾ ਲਿਆ ਸੀ, ਉਸ ਦੀ ਮੌਤ ਹੋ ਗਈ ਸੀ। ਫਿਰ ਉਸ ਦੇ ਪਤੀ ਨੇ 2 ਲੱਖ ਰੁਪਏ ਦਾ ਕਰਜ਼ਾ ਲੈ ਲਿਆ ਜਿਸ ਦੀ ਵਿਆਜ ਸਮੇਤ ਰਾਸ਼ੀ ਹੁਣ ਤੱਕ ਕਰੀਬ 7 ਲੱਖ ਰੁਪਏ ਬਣ ਗਈ ਜਿਸ ਤੋਂ ਉਸ ਦਾ ਪਤੀ ਸਖ਼ਤ ਪ੍ਰੇਸ਼ਾਨ ਸੀ।
ਮੰਗਲਵਾਰ ਉਹ ਆਪਣੇ ਬੱਚਿਆ ਸਮੇਤ ਆਪਣੇ ਰਿਸ਼ਤੇਦਾਰਾਂ ਦੇ ਗਈ ਹੋਈ ਸੀ ਅਤੇ ਉਸਦਾ ਪਤੀ ਘਰ 'ਚ ਇਕੱਲਾ ਸੀ। ਬੁੱਧਵਾਰ ਸਵੇਰੇ ਜਦੋਂ ਉਹ ਘਰ ਆਈ ਤਾਂ ਉਸ ਦੇ ਪਤੀ ਨੇ ਫ਼ਾਹਾ ਲੈ ਖ਼ੁਦਕੁਸ਼ੀ ਕੀਤੀ ਹੋਈ ਸੀ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਗਈ ਹੈ।


Related News