ਵਿਆਹ ਦੇ ਤੀਜੇ ਦਿਨ ਹੀ ਨਵ-ਵਿਆਹੁਤਾ ਦੀ ਸੜਕ ਹਾਦਸੇ ''ਚ ਮੌਤ

11/19/2017 1:08:13 AM

ਪਠਾਨਕੋਟ,   (ਕੰਵਲ, ਆਦਿਤਿਯ, ਸ਼ਾਰਦਾ, ਮਨਿੰਦਰ)-  ਅੱਜ ਸਵੇਰੇ ਕਰੀਬ 8.30 ਵਜੇ ਇੰਦੌਰਾ ਬੈਰੀਅਰ ਚੌਕ 'ਚ ਵਾਪਰੇ ਸੜਕ ਹਾਦਸੇ ਵਿਚ ਨਵ-ਵਿਆਹੁਤਾ ਦੀ ਮੌਤ ਤੇ ਉਸਦੇ ਪਤੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡੀ. ਐੱਸ. ਪੀ. ਨੂਰਪੁਰ ਮੇਘਨਾਥ ਚੌਹਾਨ ਨੇ ਦੱਸਿਆ ਕਿ ਅੱਜ ਸਵੇਰੇ ਨਿੱਜੀ ਸਕੂਲ ਦੀ ਇਕ ਬੱਸ ਬੱਚਿਆਂ ਨੂੰ ਲੈ ਕੇ ਬੈਰੀਅਰ ਤੋਂ ਇੰਦੌਰਾ ਵੱਲ ਆ ਰਹੀ ਸੀ ਕਿ ਮੋਟਰਸਾਈਕਲ 'ਤੇ ਆਪਣੇ ਪਤੀ ਨਾਲ ਆ ਰਹੀ ਨਵ-ਵਿਆਹੁਤਾ ਉਸ ਬੱਸ ਦੇ ਪਿਛਲੇ ਟਾਇਰ ਹੇਠ ਆ ਗਈ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਿਹਤ ਕੇਂਦਰ ਇੰਦੌਰਾ ਲਿਆਂਦਾ ਗਿਆ, ਜਿਥੇ ਉਸਨੂੰ ਮੁੱਢਲੇ ਇਲਾਜ ਦੇ ਬਾਅਦ ਪਠਾਨਕੋਟ ਦੇ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਮ੍ਰਿਤਕਾ ਦੀ ਪਛਾਣ ਅਲਕਾ (21) ਪੁੱਤਰੀ ਬਲਦੇਵ ਰਾਜ ਨਿਵਾਸੀ ਪਿੰਡ ਰਿਆਲੀ ਬਡੂਖਰ ਤੇ ਜ਼ਖਮੀ ਦੀ ਪਛਾਣ ਸੁਨੀਲ ਕੁਮਾਰ (25) ਪੁੱਤਰ ਸਵ. ਪੁਰਸ਼ੋਤਮ ਲਾਲ ਨਿਵਾਸੀ ਪਿੰਡ ਮਨਹਾਸੀਆਂ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਸੁਨੀਲ ਕੁਮਾਰ ਵਿਦੇਸ਼ 'ਚ ਕੰਮ ਕਰਦਾ ਹੈ ਤੇ ਵਿਆਹ ਦੇ ਸਿਲਸਿਲੇ 'ਚ ਪਿੰਡ ਆਇਆ ਹੋਇਆ ਸੀ ਅਤੇ ਉਨ੍ਹਾਂ ਦੇ ਵਿਆਹ ਨੂੰ ਅਜੇ 3 ਦਿਨ ਹੀ ਹੋਏ ਸਨ ਅਤੇ ਉਹ ਅੱਜ ਆਪਣੀ ਪਤਨੀ ਨੂੰ ਪੇਪਰ ਦਿਵਾਉਣ ਲਈ ਜਾ ਰਿਹਾ ਸੀ ਕਿ ਉਕਤ ਹਾਦਸਾ ਵਾਪਰਿਆ। 
ਉਨ੍ਹਾਂ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਦੇਵਾਨੰਦ, ਏ. ਐੱਸ. ਆਈ. ਸੰਤੋਖ ਕੁਮਾਰ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਅਤੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਬੱਸ ਦੇ ਡਰਾਈਵਰ ਨੂੰ ਵੀ ਹਿਰਾਸਤ 'ਚ ਲੈ ਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਲੜਕੀ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ। ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਜਿਸ ਧੀ ਨੂੰ 3 ਦਿਨ ਪਹਿਲਾਂ ਵਿਆਹ ਕੇ ਵਿਦਾ ਕੀਤਾ ਸੀ ਉਹ ਹੁਣ ਇਸ ਜਹਾਨ ਤੋਂ ਹੀ ਵਿਦਾ ਹੋ ਗਈ। 


Related News