ਪਤਨੀ ਨੇ ਗਰਭਪਾਤ ਕਰਵਾਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਦਿੱਤੀ ਰੌਂਗਟੇ ਖੜੇ ਕਰ ਦੇਣ ਵਾਲੀ ਮੌਤ

06/27/2017 11:15:54 AM

ਸਿੱਧਵਾਂ ਬੇਟ (ਚਾਹਲ, ਸ਼ੇਤਰਾ)-ਪਿੰਡ ਜੰਡੀ ਵਿਖੇ ਪਤੀ ਵਲੋਂ ਆਪਣੇ ਵੱਡੇ ਭਰਾ ਨਾਲ ਮਿਲਕੇ ਧੱਕੇ ਨਾਲ ਆਪਣੀ ਪਤਨੀ ਦੇ ਕਰਵਾਏ ਗਰਭਪਾਤ ਦੌਰਾਨ ਪਤਨੀ ਤੇ ਉਸ ਦੇ ਪੇਟ 'ਚ ਪਲ ਰਹੇ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਆਸੀ ਕਲਾਂ ਦੀ ਰਹਿਣ ਵਾਲੀ ਮਨਜੀਤ ਕੌਰ ਨੇ 2011 'ਚ ਪਿੰਡ ਜੰਡੀ ਦੇ ਰਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਾਲ ਲਵ ਮੈਰਿਜ ਕਰਵਾਈ ਸੀ ਤੇ ਢਾਈ ਸਾਲ ਪਹਿਲਾਂ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ। 
ਲੜਕੀ ਦੇ ਪਿਤਾ ਅਨੁਸਾਰ ਬੇਟੀ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਘਰ ਕਲੇਸ਼ ਰਹਿਣ ਲੱਗ ਪਿਆ, ਹੁਣ ਮੇਰੀ ਲੜਕੀ 4 ਮਹੀਨੇ ਦੀ ਗਰਭਵਤੀ ਸੀ ਤੇ ਉਸ ਦਾ ਪਤੀ ਰਵਿੰਦਰ ਸਿੰਘ ਅਤੇ ਜੇਠ ਮਨਵਿੰਦਰ ਸਿੰਘ ਗਰਭਪਾਤ ਕਰਵਾਉਣ ਲਈ ਅਕਸਰ ਮਨਜੀਤ ਕੌਰ ਦੀ ਕੁੱਟਮਾਰ ਕਰਦੇ ਰਹਿੰਦੇ ਸਨ। ਬੀਤੀ ਰਾਤ ਉਨ੍ਹਾਂ ਨੇ ਮਿਲਕੇ ਮੇਰੀ ਲੜਕੀ ਦਾ ਕਿਸੇ ਅਣਜਾਣ ਵਿਅਕਤੀ ਤੋਂ ਜ਼ਬਰਦਸਤੀ ਗਰਭਪਾਤ ਕਰਵਾ ਦਿੱਤਾ, ਜਿਸ ਨਾਲ ਮੇਰੀ ਲੜਕੀ ਅਤੇ ਉਸ ਦੇ ਪੇਟ ਵਿਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਥਾਣਾ ਸਿੱਧਵਾਂ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਣ 'ਤੇ ਪੁਲਸ ਨੇ ਔਰਤ ਦੀ ਲਾਸ਼ ਤੇ ਭਰੂਣ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਔਰਤ ਦੇ ਪਤੀ ਰਵਿੰਦਰ ਸਿੰਘ ਅਤੇ ਜੇਠ ਮਨਵਿੰਦਰ ਸਿੰਘ ਖਿਲਾਫ ਦੋਹਰਾ ਕਤਲ ਕਰਨ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਉਕਤ ਔਰਤ ਦੇ ਪਤੀ ਅਤੇ ਜੇਠ ਨੇ ਉਸਨੂੰ ਕੋਈ ਦਵਾਈ ਖੁਆ ਦਿੱਤੀ ਸੀ,ਜਿਸ ਨਾਲ ਉਸਦੇ ਖੂਨ ਨਿਕਲਣਾ ਸ਼ੁਰੂ ਹੋ ਗਿਆ। ਦੋਵਾਂ ਨੇ ਮਿਲ ਕੇ ਉਸਦੇ ਪੇਟ ਨੂੰ ਦਬਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਬੱਚਾ ਬਾਹਰ ਆ ਗਿਆ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। 


Related News