ਮਾਮਲਾ ਬੱਚੇ ਦੀ ਮੌਤ ਦਾ : ਆਈ. ਐੱਮ. ਏ. ਵੱਲੋਂ ਹਸਪਤਾਲ ''ਚ ਹੰਗਾਮਾ ਕਰਨ ਵਾਲੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ

10/19/2017 1:51:47 AM

ਬਠਿੰਡਾ(ਸੁਖਵਿੰਦਰ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ) ਵੱਲੋਂ ਬੀਤੇ ਦਿਨੀਂ ਆਈ. ਸੀ. ਯੂ. 'ਚ ਹੰਗਾਮਾ ਕਰਨ ਤੇ ਡਾਕਟਰ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਹਸਪਤਾਲ ਐਕਟ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਪ੍ਰਸ਼ਾਸਨ ਵੱਲੋਂ 24 ਘੰਟਿਆਂ ਅੰਦਰ ਉਕਤ ਮੁਲਜ਼ਮਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ। ਉਕਤ ਮਾਮਲੇ ਨੂੰ ਲੈ ਕੇ ਡਾਕਟਰਾਂ ਵੱਲੋਂ ਆਈ. ਐੱਮ. ਏ. ਦੇ ਸਾਬਕਾ ਪ੍ਰੈਜ਼ੀਡੈਂਟ ਜੇ. ਐੱਸ. ਸ਼ੇਖਾਵਤ ਦੀ ਅਗਵਾਈ ਹੇਠ ਦੂਨਸ ਕਲੱਬ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ਼੍ਰੀ ਸ਼ੇਖਾਵਤ ਨੇ ਦੋਸ਼ ਲਾਇਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਕ ਡਾਕਟਰ 'ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਪਰ ਉਸ ਦਾ ਬਚਾਅ ਹੋ ਗਿਆ। ਇਸ ਤੋਂ ਇਲਾਵਾ ਹਸਪਤਾਲ ਦੇ ਆਈ. ਸੀ. ਯੂ. 'ਚ ਵੀ ਹੰਗਾਮਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਲਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ ਤੇ ਹਸਪਤਾਲ ਦੇ ਡਾਕਟਰ ਵੱਲੋਂ ਇਲਾਜ 'ਚ ਕੋਈ ਲਾਪ੍ਰਵਾਹੀ ਨਹੀਂ ਵਰਤੀ ਗਈ। ਉਨ੍ਹਾਂ ਕਿਹਾ ਡਾਕਟਰਾਂ ਦਾ ਕੰਮ ਜ਼ਿੰਦਗੀ ਦੇਣਾ ਹੈ ਨਾ ਕਿ ਲੈਣਾ। ਇਸ ਲਈ ਹਰ ਡਾਕਟਰ ਵੱਲੋਂ ਆਪਣੇ ਮਰੀਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਡਾ.ਰਾਜੇਸ਼ ਜਿੰਦਲ ਨੇ ਦੋਸ਼ ਲਾਇਆ ਕਿ ਉਕਤ ਧਰਨਾਕਾਰੀਆਂ ਨੇ ਹਸਪਤਾਲ 'ਚ ਹੰਗਾਮਾ ਕਰ ਕੇ ਹੋਰਨਾਂ ਮਰੀਜ਼ਾਂ ਦੀ ਜ਼ਿੰਦਗੀ ਨੂੰ ਵੀ ਖਤਰੇ 'ਚ ਪਾਇਆ ਹੈ, ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਮੰਗ ਕੀਤੀ ਕਿ ਹਸਪਤਾਲ ਵਿਚ ਹੰਗਾਮਾ ਕਰਨ ਤੇ ਡਾਕਟਰ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਹਸਪਤਾਲ ਐਕਟ ਅਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ਦੇ ਅੰਦਰ ਉਕਤ ਮੁਲਜ਼ਮਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ। 
ਇਸ ਮੌਕੇ ਡਾ. ਸ਼ਿਵ ਦੱਤ ਗੁਪਤਾ, ਡਾ. ਵਿਕਾਸ ਛਾਬੜਾ, ਡਾ. ਸੁਨੀਲ ਗਰਗ, ਡਾ. ਨੀਰਜ ਬਾਂਸਲ, ਡਾ. ਅਸ਼ਵਨੀ, ਡਾ. ਨਿਲੇਸ਼ ਬਾਂਸਲ ਆਦਿ ਮੌਜੂਦ ਸਨ।
ਕੀ ਸੀ ਮਾਮਲਾ?
ਬੀਤੇ ਦਿਨੀਂ ਪਾਵਰ ਹਾਊਸ ਰੋਡ 'ਤੇ ਸਥਿਤ ਬੱਚਿਆਂ ਦੇ ਨਿੱਜੀ ਹਸਪਤਾਲ ਵਿਚ ਨਵ-ਜਨਮੇ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਡਾਕਟਰਾਂ 'ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਉਂਦਿਆਂ ਹਸਪਤਾਲ ਅੱਗੇ ਧਰਨਾ ਦੇ ਕੇ ਹੰਗਾਮਾ ਕੀਤਾ ਗਿਆ ਸੀ ਤੇ ਹਸਪਤਾਲ ਦੇ ਡਾਕਟਰਾਂ ਖਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਗਈ ਸੀ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਬੱਚਾ ਤੜਫ਼ ਰਿਹਾ ਸੀ ਪਰ ਹਸਪਤਾਲ ਦੇ ਸਟਾਫ਼ ਵੱਲੋਂ ਉਸ ਦਾ ਇਲਾਜ ਨਹੀਂ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੇਰ ਸ਼ਾਮ ਤੱਕ ਪਾਵਰ ਹਾਊਸ ਰੋਡ 'ਤੇ ਜਾਮ ਲਾਇਆ ਗਿਆ। ਬਾਅਦ ਵਿਚ ਐੱਸ.ਡੀ.ਐੱਮ. ਸਾਕਸ਼ੀ ਸਾਹਨੀ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ।


Related News