ਡਾਇਰੀਆ ਨਾਲ ਨੌਜਵਾਨ ਤੇ ਔਰਤ ਦੀ ਮੌਤ

06/27/2017 3:08:50 AM

ਲੁਧਿਆਣਾ(ਸਹਿਗਲ)-ਮਹਾਨਗਰ ਦੇ ਗਿਆਸਪੁਰਾ ਖੇਤਰ 'ਚ ਪੈਂਦੇ ਹਰਗੋਬਿੰਦ ਨਗਰ ਦੀ ਗਲੀ ਨੰਬਰ 6 'ਚ ਇਕ ਨੌਜਵਾਨ ਦੀ ਡਾਇਰੀਆ ਨਾਲ ਮੌਤ ਹੋ ਗਈ ਹੈ। ਮ੍ਰਿਤਕ ਅਜੇ (17) ਦੇ ਰਿਸ਼ਤੇਦਾਰ ਦੇ ਅਨੁਸਾਰ ਉਸ ਨੂੰ ਦਸਤ ਦੀ ਸ਼ਿਕਾਇਤ ਸੀ। ਬੀਤੀ ਰਾਤ ਉਸ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ ਪਰ ਦਵਾਈ ਦੇ ਬਾਅਦ ਵੀ ਉਸ ਦੀ ਹਾਲਤ 'ਚ ਸੁਧਾਰ ਨਹੀਂ ਆਇਆ ਅਤੇ ਰਾਤ 2 ਵਜੇ ਉਸ ਦੀ ਮੌਤ ਹੋ ਗਈ।  ਇਸ ਤੋਂ ਇਲਾਵਾ ਫਿਲੌਰ ਦੇ ਵਾਰਡ ਨੰ. 9 ਅਤੇ 10 ਵਿਚ ਵੀ ਡਾਇਰੀਆ ਫੈਲਣ ਨਾਲ ਇਕ ਔਰਤ ਦੀ ਮੌਤ ਹੋ ਜਾਣ ਤੇ ਕਈ ਲੋਕਾਂ ਦੇ ਬੀਮਾਰ ਹੋਣ ਦੀ ਖਬਰ ਮਿਲੀ ਹੈ।  
ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਨੇ ਉਕਤ ਨੌਜਵਾਨ ਦੀ ਮੌਤ ਨੂੰ ਸ਼ੱਕੀ ਸ਼੍ਰੇਣੀਆਂ 'ਚ ਰੱਖਦੇ ਹੋਏ ਦੱਸਿਆ ਕਿ ਉਕਤ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਟਾਈਫਾਈਡ ਹੋਇਆ ਸੀ ਪਰ ਉਕਤ ਦਲੀਲ ਨਾਲ ਇਲਾਕਾ ਨਿਵਾਸੀ ਸਹਿਮਤ ਨਹੀਂ ਦਿਖਾਈ ਦੇ ਰਹੇ ਸਨ। ਦੂਜੇ ਪਾਸੇ ਗਿਆਸਪੁਰਾ ਖੇਤਰ 'ਚ ਮੱਕੜ ਕਾਲੋਨੀ ਅਤੇ ਸਮਰਾਟ ਕਾਲੋਨੀ 'ਚ ਮਰੀਜ਼ਾਂ ਦਾ ਆਉਣਾ ਜਾਰੀ ਰਿਹਾ। ਸਿਹਤ ਵਿਭਾਗ ਵੱਲੋਂ ਲਾਏ ਮੈਡੀਕਲ ਕੈਂਪ 'ਚ ਸ਼ਾਮ 5 ਵਜੇ ਤੱਕ 43 ਨਵੇਂ ਮਰੀਜ਼ ਸਾਹਮਣੇ ਆਏ। ਹੁਣ ਤੱਕ ਮੈਡੀਕਲ ਕੈਂਪ 'ਚ 333 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦਕਿ 36 ਮਰੀਜ਼ ਹੁਣ ਵੀ ਸਿਵਲ ਹਸਪਤਾਲ 'ਚ ਭਰਤੀ ਹਨ। ਇਲਾਕੇ 'ਚ ਮਰੀਜ਼ਾਂ ਦੀ ਗਿਣਤੀ 500 ਤੋਂ ਜ਼ਿਆਦਾ ਹੋ ਗਈ ਹੈ। 500 ਮਰੀਜ਼ਾਂ ਦੇ ਸਾਹਮਣੇ ਆਉਣ ਦੇ ਬਾਅਦ ਅੱਜ ਸਟੇਟ ਪ੍ਰੋਗਰਾਮ ਅਫਸਰ ਡਾ. ਗਗਨਦੀਪ ਸਿੰਘ ਗਰੋਵਰ ਨੇ ਚੰਡੀਗੜ੍ਹ ਤੋਂ ਆ ਕੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਖਾਨਾਪੂਰਤੀ ਕਰ ਕੇ ਮੁੜ ਗਏ। ਸੰਪਰਕ ਕਰਨ 'ਤੇ ਉਹ ਅੱਜ ਵੀ ਡਰਾਈਵਿੰਗ ਮੋਡ 'ਤੇ ਰਹੇ ਅਤੇ ਹਮੇਸ਼ਾ ਦੀ ਤਰ੍ਹਾਂ ਪੱਤਰਕਾਰਾਂ ਦੇ ਫੋਨ ਦਾ ਉਤਰ ਦੇਣ ਦੀ ਬਜਾਏ ਇਹੀ ਮੈਸੇਜ ਭੇਜਦੇ ਰਹੇ ਅਤੇ ਪੱਤਰਕਾਰਾਂ ਦਾ ਮੌਕੇ 'ਤੇ ਵੀ ਜਵਾਬ ਦੇਣ ਤੋਂ ਬਚਦੇ ਰਹੇ।
ਕੀ ਕਹਿੰਦੇ ਹਨ ਸਿਹਤ ਨਿਰਦੇਸ਼ਕ
ਰਾਜ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਨਿਰਦੇਸ਼ਕ ਡਾ. ਰਾਜੀਵ ਭੱਲਾ ਨੇ ਕਿਹਾ ਕਿ ਅਪਡੈਮਿਕ ਡਿਜੀਜ਼ ਐਕਟ ਤਹਿਤ ਸਾਰੇ ਸਿਵਲ ਸਰਜਨਾਂ ਨੂੰ ਪਾਣੀ ਦੀ ਸੈਂਪਲਿੰਗ ਕਰਵਾਉਣ ਨੂੰ ਕਿਹਾ ਗਿਆ ਹੈ। ਇਹ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਦਾ ਬਿਹਤਰ ਤਰੀਕਾ ਹੈ। ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸ 'ਚ ਫੈਕਟਰੀਆਂ, ਬਰਫ ਦੇ ਕਾਰਖਾਨਿਆਂ, ਸਕੂਲਾਂ, ਪਬਲਿਕ ਹੈਲਥ ਦੇ ਤਹਿਤ ਪਾਣੀ ਦੀ ਸੈਂਪਲਿੰਗ ਜ਼ਰੂਰੀ ਹੈ।


Related News