ਡੀ. ਸੀ. ਨੇ ਸਿਵਲ ਤੇ ਸੈਨਾ ਦੇ ਅਧਿਕਾਰੀਆਂ ਨਾਲ ਧੁੱਸੀ ਬੰਨ੍ਹ ਦਾ ਕੀਤਾ ਦੌਰਾ

06/24/2017 2:54:10 AM

ਕਪੂਰਥਲਾ, (ਗੁਰਵਿੰਦਰ ਕੌਰ, ਮਲਹੋਤਰਾ)- ਬਰਸਾਤਾਂ ਤੋਂ ਪਹਿਲਾਂ ਹੜ੍ਹਾਂ ਤੋਂ ਬਚਾ ਲਈ ਕੰਮ ਮੁਕੰਮਲ ਕਰ ਲਏ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਦਿਸ਼ਾ-ਨਿਰਦੇਸ਼ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਨੇ ਅੱਜ ਸਿਵਲ ਸੈਨਾ ਦੇ ਅਧਿਕਾਰੀਆਂ ਨਾਲ ਜ਼ਿਲੇ ਅੰਦਰ ਦਰਿਆ ਬਿਆਸ ਨਾਲ ਲਗਦੇ ਧੁੱਸੀ ਬੰਨ੍ਹ ਸੰਭਾਵੀ ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਦੌਰਾ ਕਰਨ ਸਮੇਂ ਅਧਿਕਾਰੀਆਂ ਨੂੰ ਜਾਰੀ ਕੀਤੇ ।
ਇਸ ਦੌਰਾਨ ਉਨਾਂ ਭੁਲੱਥ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਸਬ-ਡਵੀਜ਼ਨਾਂ ਦੇ ਦਰਿਆ ਨਾਲ ਲੱਗਦੇ ਇਲਾਕਿਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਅ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ । ਇਸ ਮੌਕੇ ਡੀ. ਸੀ. ਮੁਹੰਮਦ ਤਈਅਬ ਨੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿਵਾਇਆ । ਇਸ ਮੌਕੇ ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਅਡਵਾਂਸ ਧੁੱਸੀ ਬੰਨ੍ਹ ਨਾਲ ਲੱਗਦੇ ਡੇਰਾ ਹਰੀ ਸਿੰਘ ਤੇ ਬਾਘੂਆਣਾ, ਜਿਥੇ ਕਿ ਸਪਰਾਂ ਤੇ ਸਟੱਡਾਂ ਨੂੰ ਢਾਅ ਲੱਗੀ ਹੈ, ਲਈ ਫੌਰਨ ਕੇਸ ਤਿਆਰ ਕਰਨ ਤਾਂ ਜੋ ਇਥੋਂ ਦੇ ਇਲਾਕਿਆਂ ਨੂੰ ਸੰਭਾਵੀ ਹੜ੍ਹਾਂ ਤੋਂ ਬਚਾਇਆ ਜਾ ਸਕੇ । 
ਇਸ ਮੌਕੇ ਮੌਜੂਦ ਸੈਨਾ ਦੇ ਅਧਿਕਾਰੀਆਂ ਨੇ ਡੀ. ਸੀ. ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਿਸੇ ਵੀ ਹੰਗਾਮੀ ਹਾਲਤ ਮੌਕੇ ਜ਼ਿਲਾ ਪ੍ਰਸ਼ਾਸਨ ਦੇ ਨਾਲ ਖੜ੍ਹੇ ਹਨ । ਡੀ. ਸੀ. ਮੁਹੰਮਦ ਤਈਅਬ ਨੇ ਆਪਣਾ ਲੰਬਾ ਦੌਰਾ ਤਹਿਸੀਲ ਭੁਲੱਥ ਦੇ ਮਕਸੂਦਪੁਰ ਤੋਂ ਸ਼ੁਰੂ ਕਰਕੇ ਪਹਿਲਾਂ ਮੰਡ ਕੂਕਾਂ ਦਾ ਮੁਆਇਨਾ ਕੀਤਾ । ਇਸ ਤੋਂ ਬਾਅਦ ਹੋਰਨਾਂ ਥਾਵਾਂ ਦਾ ਮੁਆਇਨਾ ਕਰਦੇ ਹੋਏ ਉਹ ਵਾਇਆ ਨਡਾਲਾ ਦਰਿਆ ਦੇ ਨਾਲ-ਨਾਲ ਹੁੰਦੇ ਹੋਏ ਸਬ-ਡਵੀਜ਼ਨ ਕਪੂਰਥਲਾ ਦੇ ਪਿੰਡ ਬਾਘੂਆਣਾ, ਅੰਮ੍ਰਿਤਪੁਰ, ਬਾਜਾ ਪੁੱਜੇ, ਜਿਥੇ ਦਰਿਆ ਵੱਲੋਂ ਲਾਈ ਢਾਅ ਦੀ ਮੁਰੰਮਤ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਸੰਚਾਰ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਕੰਟਰੋਲ ਰੂਮ ਸਥਾਪਤ ਕਰਨ ਤੋਂ ਇਲਾਵਾ ਨੋਡਲ ਅਫ਼ਸਰਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ । ਇਸ ਮੌਕੇ ਏ. ਡੀ. ਸੀ. ਵਿਕਾਸ ਅਵਤਾਰ ਸਿੰਘ ਭੁੱਲਰ, ਜ਼ਿਲਾ ਮਾਲ ਅਫ਼ਸਰ ਜਸ਼ਨਜੀਤ ਸਿੰਘ, ਐੱਸ. ਪੀ. ਬਲਬੀਰ ਸਿੰਘ ਭੱਟੀ, ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ, ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐੱਸ. ਡੀ. ਐੱਮ. ਭੁਲੱਥ ਡਾ. ਸੰਜੀਵ ਸ਼ਰਮਾ, ਡਨੇਰੇਜ਼ ਵਿਭਾਗ ਦੇ ਐਕਸੀਅਨ ਅਜੀਤ ਸਿੰਘ, ਜ਼ਿਲਾ ਪ੍ਰੀਸ਼ਦ ਕਪੂਰਥਲਾ ਦੇ ਚੇਅਰਮੈਨ ਮਾ. ਗੁਰਦੇਵ ਸਿੰਘ, ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ, ਐੱਸ. ਡੀ. ਓ. ਕਪਲਜੀਤ ਲਾਲ, ਸਹਾਇਕ ਇੰਜ. ਅਨੀਲ ਕਾਲੀਆ ਆਦਿ ਹਾਜ਼ਰ ਸਨ।


Related News