ਡੀ. ਸੀ. ਨੇ ਕੀਤਾ ਧੁੱਸੀ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਦੌਰਾ

06/23/2017 7:28:11 AM

ਤਰਨਤਾਰਨ/ਖਡੂਰ ਸਾਹਿਬ/ਮੁੰਡਾਪਿੰਡ,   (ਰਾਜੂ, ਕੁਲਾਰ, ਮਨਜੀਤ)- ਜ਼ਿਲੇ ਵਿਚ ਸੰਭਾਵੀ ਹੜ੍ਹਾਂ ਦੇ ਟਾਕਰੇ ਲਈ ਫਲੱਡ ਕੰਟਰੋਲ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਜਾਇਜ਼ਾ ਲੈਣ ਲਈ ਇੰਜੀ. ਡੀ. ਪੀ. ਐੱਸ. ਖਰਬੰਦਾ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਜ਼ਿਲਾ ਅਧਿਕਾਰੀਆਂ ਦੇ ਨਾਲ ਦਰਿਆ ਬਿਆਸ ਦੇ ਪਿੰਡ ਜਲਾਲਾਬਾਦ, ਵੈਰੋਵਾਲ, ਖੱਖ ਮਿਆਣੀ, ਧੂੰਦਾ, ਮੁੰਡਾਪਿੰਡ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਦੇ ਨਾਜ਼ੁਕ ਪੁਆਇੰਟਾਂ ਦਾ ਦੌਰਾ ਕੀਤਾ ਗਿਆ।
 ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਮੁਸ਼ਕਲਾਂ ਦੇ ਹੱਲ ਲਈ ਭਰੋਸਾ ਵੀ ਦਿੱਤਾ। ਦੌਰੇ ਦੌਰਾਨ ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੇ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ਬਿਆਸ ਅਤੇ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੜ੍ਹ ਰੋਕੂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਸੰਭਾਵੀ ਹੜ੍ਹਾਂ ਦੇ ਟਾਕਰੇ ਲਈ ਜ਼ਿਲੇ ਅੰਦਰ ਬਚਾਅ ਸੈਂਟਰ ਅਤੇ ਰਾਹਤ ਕੇਂਦਰ ਬਣਾਏ ਜਾਣਗੇ। ਜ਼ਿਲੇ ਅੰਦਰ ਇਕ ਕੰਟਰੋਲ ਰੂਮ, ਜਿਸ ਦਾ ਨੰਬਰ 01852-224107 ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿਠਣ ਲਈ ਸਿਹਤ, ਪਸ਼ੂ ਪਾਲਣ, ਖੇਤੀਬਾੜੀ, ਨਹਿਰੀ, ਖੁਰਾਕ ਤੇ ਸਿਵਲ ਸਪਲਾਈ, ਜਨ-ਸਿਹਤ, ਬਿਜਲੀ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲੇ ਦੀਆਂ ਸਾਰੀਆਂ ਡਰੇਨਾਂ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਵੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
 ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਦੇਣ ਲਈ ਵਾਟਰ ਟੈਂਕਾਂ ਦਾ ਅਗੇਤਾ ਪ੍ਰਬੰਧ ਕਰਨ, ਖੁਰਾਕ ਅਤੇ ਸਪਲਾਈ ਵਿਭਾਗ ਨੂੰ ਜ਼ਰੂਰੀ ਖਾਣ-ਪੀਣ ਵਾਲੀਆਂ ਚੀਜ਼ਾਂ ਤੇ ਮਿੱਟੀ ਦੇ ਤੇਲ ਦਾ ਪ੍ਰਬੰਧ ਕਰਨ, ਖੇਤੀਬਾੜੀ ਤੇ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਚਾਰਾ ਅਤੇ ਵੈਕਸੀਨੇਸ਼ਨ, ਸਿਹਤ ਵਿਭਾਗ ਨੂੰ ਲੋਕਾਂ ਲਈ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਡਾਕਟਰੀ ਟੀਮਾਂ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਡਰੇਨੇਜ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤੀ ਮੌਸਮ ਦੌਰਾਨ ਨੀਵੀਆਂ ਥਾਵਾਂ 'ਚੋਂ ਪਾਣੀ ਕੱਢਣ ਲਈ ਪੰਪਿੰਗ ਸੈੱਟਾਂ ਨੂੰ ਠੀਕ ਕਰ ਕੇ ਵਰਕਿੰਗ ਕੰਡੀਸ਼ਨ ਵਿਚ ਰੱਖਣ ਲਈ ਵੀ ਹਦਾਇਤ ਕੀਤੀ ਗਈ ਹੈ।
 ਮੁੰਡਾਪਿੰਡ ਦੇ ਦੌਰੇ ਦੌਰਾਨ ਪਿੰਡ ਦੇ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਦਰਿਆ ਦੇ ਪਾਣੀ ਦੀ ਮਾਰ ਕਾਰਨ ਉਨ੍ਹਾਂ ਦੀ ਹਰ ਸਾਲ ਫਸਲ ਬਰਬਾਦ ਹੋ ਜਾਂਦੀ ਹੈ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਪਿੰਡ ਵਾਲਿਆਂ ਨੂੰ ਜਾਣੂ ਕਰਵਾਇਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮੁੰਡਾਪਿੰਡ ਨੂੰ ਦਰਿਆਈ ਪਾਣੀ ਦੀ ਮਾਰ ਤੋਂ ਬਚਾਉਣ ਲਈ ਬੰਨ੍ਹ ਦੀ ਉਸਾਰੀ ਕਰਵਾਉਣ ਲਈ 31 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕਰ ਕੇ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਮੁੰਡਾਪਿੰਡ ਅਤੇ ਹੋਰ ਨੇੜਲੇ ਪਿੰਡਾਂ ਨੂੰ ਪਾਣੀ ਦੀ ਮਾਰ ਨਾ ਵੱਜ ਸਕੇ। ਇਸ ਸਮੇਂ ਐੱਸ. ਡੀ. ਐੱਮ. ਅਮਨਦੀਪ ਕੌਰ, ਜ਼ਿਲਾ ਮਾਲ ਅਫ਼ਸਰ ਅਰਵਿੰਦਰਪਾਲ ਸਿੰਘ, ਮਨੀਸ਼ ਨਰੂਲਾ ਡੀ. ਐੱਫ. ਐੱਸ. ਸੀ., ਕਿਰਨਬੀਰ ਸਿੰਘ ਗਿੱਲ, ਪ੍ਰਭਜੋਤ ਸਿੰਘ ਡੇਰਾ ਸੋਹਲ, ਸਤਨਾਮ ਸਿੰਘ ਜਲਾਲਾਬਾਦ, ਹਰਵੰਤ ਸਿੰਘ ਨੰਬਰਦਾਰ, ਸੁਖਵਿੰਦਰ ਕੌਰ ਲਾਲੀ ਸੋਹਲ ਨੰਬਰਦਾਰ, ਸੰਪੂਰਨ ਸਿੰਘ ਤੀਹਵਾਲੇ ਜਲਾਲਾਬਾਦ, ਸ਼ਮਸ਼ੇਰ ਸਿੰਘ ਡੇਰਾ ਸੋਹਲ ਤੇ ਬਲਦੇਵ ਸਿੰਘ ਡੇਰਾ ਸੋਹਲ ਹਾਜ਼ਰ ਸਨ।


Related News