ਡੀ. ਜੇ. ਦੀ ਆਵਾਜ਼ ਘੱਟ ਕਰਨ ਲਈ ਕਹਿਣ ''ਤੇ ਤਕਰਾਰ, 4 ਜ਼ਖਮੀ

01/17/2018 6:38:06 AM

ਗੁਰੂ ਕਾ ਬਾਗ,   (ਭੱਟੀ)-  ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਬੱਲ ਬਾਵਾ ਵਿਖੇ ਲੋਹੜੀ 'ਤੇ ਲੱਗੇ ਡੀ. ਜੇ. ਦੀ ਆਵਾਜ਼ ਘੱਟ ਕਰਨ ਲਈ ਕਹਿਣ 'ਤੇ ਹੋਈ ਲੜਾਈ ਦੌਰਾਨ 4 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਅਜੈਬ ਸਿੰਘ ਜੋ ਕਿ ਹਾਰਟ ਦਾ ਮਰੀਜ਼ ਹੈ ਤੇ ਉਸ ਦੇ ਗੁਆਂਢ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਘਰ ਡੀ. ਜੇ. ਲੱਗਾ ਸੀ, ਜਿਸ ਦੀ ਆਵਾਜ਼ ਬਹੁਤ ਉੱਚੀ ਹੋਣ ਕਾਰਨ ਮੈਂ ਆਵਾਜ਼ ਘੱਟ ਕਰਨ ਲਈ ਕਹਿਣ ਗਿਆ ਕਿ ਮੇਰਾ ਭਰਾ ਹਾਰਟ ਦਾ ਮਰੀਜ਼ ਹੈ, ਤੁਸੀਂ ਕਿਰਪਾ ਕਰ ਕੇ ਆਵਾਜ਼ ਘੱਟ ਕਰ ਲਓ। ਅੱਗੋਂ ਨਸ਼ੇ 'ਚ ਟੱਲੀ ਹੋਏ ਦਵਿੰਦਰ ਸਿੰਘ ਪੁੱਤਰ ਸੁਖਬੀਰ ਸਿੰਘ, ਗੁਰਵਿੰਦਰ ਸਿੰਘ, ਲਖਬੀਰ ਸਿੰਘ ਪੁੱਤਰ ਕਰਨੈਲ ਸਿੰਘ ਦੇ 3 ਬੇਟੇ ਬਿੱਲਾ, ਜਗਤਾਰ, ਜੁਗਰਾਜ ਸਿੰਘ ਤੇ ਉਨ੍ਹਾਂ ਦੇ ਪਰਿਵਾਰ 'ਚੋਂ ਰਾਮ, ਲਕਸ਼ਮਣ ਤੇ ਲਵ ਨੇ ਸ਼ਰਾਬੀ ਹਾਲਤ 'ਚ ਸਾਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਦੌਰਾਨ ਮੈਂ ਆਪਣੇ ਘਰ ਆ ਗਿਆ। ਬਾਅਦ ਵਿਚ ਇਹ ਸਾਰੇ ਜਣੇ ਇਕੱਠੇ ਹੋ ਕੇ ਸਾਡੇ ਬੂਹੇ ਅੱਗੇ ਆ ਕੇ ਫਿਰ ਗਾਲੀ-ਗਲੋਚ ਕਰਨ ਲੱਗ ਪਏ ਤਾਂ ਮੇਰੀ ਭਰਜਾਈ ਬਲਵਿੰਦਰ ਕੌਰ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਰਾਮ ਨੇ ਉਸ ਦੇ ਮੋਢੇ 'ਤੇ ਡਾਂਗ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰ ਬਚਾਉਣ ਵਾਸਤੇ ਰਣਜੀਤ ਸਿੰਘ ਅੱਗੇ ਵਧਿਆ ਤਾਂ ਪੰਜੇ ਜਣੇ ਉਸ ਦੀ ਪੱਗ ਲਾਹ ਕੇ ਉਸ ਨੂੰ ਘਸੀਟ ਕੇ ਬਾਹਰ ਲੈ ਗਏ, ਜਿਸ ਨੂੰ ਬਚਾਉਣ ਲਈ ਗੁਰਪ੍ਰੀਤ ਅੱਗੇ ਵਧਿਆ ਤਾਂ ਉਸ ਦੀ ਬਾਂਹ 'ਤੇ ਦਾਤਰ ਮਾਰ ਕੇ ਗੰਭੀਰ ਰੂਪ 'ਚ ਉਸ ਨੂੰ ਜ਼ਖਮੀ ਕਰ ਦਿੱਤਾ। ਆਪਣੀ ਜਾਨ ਬਚਾਉਂਦੇ ਹੋਏ ਉਹ ਸਾਰੇ ਆਪਣੇ ਘਰ ਜਾ ਵੜੇ ਤਾਂ ਬਾਹਰੋਂ ਇਨ੍ਹਾਂ ਨੇ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ, ਇਸ ਦੌਰਾਨ 13 ਸਾਲਾ ਜੋਗਪ੍ਰੀਤ ਸਿੰਘ ਰੋੜਾ ਵੱਜਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ 108 ਐਂਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਮਾਮਲੇ ਸਬੰਧੀ ਪੁਲਸ ਥਾਣਾ ਝੰਡੇਰ ਨੂੰ ਸੂਚਿਤ ਕੀਤਾ ਗਿਆ। ਜਦ ਥਾਣਾ ਝੰਡੇਰ ਦੇ ਮੁਖੀ ਹਰਪਾਲ ਸਿੰਘ ਸੋਹੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਏ. ਐੱਸ. ਆਈ. ਜਗਬੀਰ ਸਿੰਘ ਜਾਂਚ ਕਰ ਰਹੇ ਹਨ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News