ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

08/15/2017 12:40:47 AM

ਸਾਦਿਕ, (ਪਰਮਜੀਤ)- ਡਿਪਟੀ ਕਮਿਸ਼ਨਰ ਫਰੀਦਕੋਟ ਰਾਜੀਵ ਪਰਾਸ਼ਰ ਤੇ ਡਾ. ਜੈ ਸਿੰਘ ਸਿਵਲ ਸਰਜਨ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟਾਸਕ ਫ਼ੋਰਸ ਨੇ ਬਲਾਕ ਅਧੀਨ ਵੱਖ-ਵੱਖ ਸਥਾਨਾਂ 'ਤੇ ਚੈਕਿੰਗ ਕਰ ਕੇ ਦੇਸ਼ ਭਰ ਵਿਚ ਲਾਗੂ ਸਿਗਰੇਟ ਐਂਡ ਅਦਰ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕਰ ਕੇ ਚਲਾਨ ਕੱਟੇ ਅਤੇ ਜਨਤਕ ਸਥਾਨਾਂ 'ਤੇ ਤੰਬਾਕੂਨੋਸ਼ੀ ਦੀ ਪਾਬੰਦੀ ਬਾਰੇ ਬੋਰਡ ਵੀ ਪ੍ਰਦਰਸ਼ਿਤ ਕੀਤੇ।
ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ, ਐੱਸ. ਆਈ. ਬਰਿੰਦਰ ਸਿੰਘ ਭੋਲਾ ਤੇ ਧਰਮਿੰਦਰ ਸਿੰਘ ਨੇ ਆਲੇ-ਦੁਆਲੇ ਦੇ ਪਿੰਡਾਂ ਦੇ ਤੰਬਾਕੂ ਵਿਕ੍ਰੇਤਾਵਾਂ, ਬੱਸ ਅੱਡਾ, ਢਾਬੇ, ਚਾਹ ਸਟਾਲ ਤੇ ਇਹੋ ਜਿਹੇ ਹੋਰ ਜਨਤਕ ਸਥਾਨਾਂ ਜਿਥੇ ਆਮ ਨਾਗਰਿਕ ਆਉਂਦੇ-ਜਾਂਦੇ ਹਨ, ਦੀ ਚੈਕਿੰਗ ਕਰ ਕੇ ਸਿਗਰੇਟ ਤੇ ਬੀੜੀ ਪੀਣ ਵਾਲਿਆਂ ਦੇ ਚਲਾਨ ਕੱਟ ਕੇ ਮੌਕੇ 'ਤੇ ਜੁਰਮਾਨਾ ਵੀ ਕੀਤਾ। ਜਿਹੜੇ ਜਨਤਕ ਸਥਾਨਾਂ 'ਤੇ ਤੰਬਾਕੂਨੋਸ਼ੀ ਦੀ ਪਾਬੰਦੀ ਬਾਰੇ ਬੋਰਡ ਨਹੀਂ ਲੱਗੇ ਸਨ ਜਾਂ ਤੰਬਾਕੂਨੋਸ਼ੀ ਦੇ ਸਬੂਤ ਮਿਲੇ, ਉਥੇ ਮਾਲਕਾਂ ਨੂੰ ਮੌਕੇ 'ਤੇ ਜੁਰਮਾਨਾ ਵੀ ਕੀਤਾ ਗਿਆ। 
ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਐਕਟ ਦੀ ਧਾਰਾ 4 ਤਹਿਤ ਜਨਤਕ ਸਥਾਨਾਂ 'ਤੇ ਸਿਗਰੇਟ, ਬੀੜੀ ਜਾਂ ਹੋਰ ਕਿਸੇ ਤਰੀਕੇ ਨਾਲ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਹਰ ਜਨਤਕ ਸਥਾਨ 'ਤੇ ਤੰਬਾਕੂਨੋਸ਼ੀ ਰਹਿਤ ਖੇਤਰ ਸਬੰਧੀ ਬੋਰਡ ਲਾਉਣ ਅਤੇ ਤੰਬਾਕੂਨੋਸ਼ੀ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਚੈਕਿੰਗ ਦੌਰਾਨ ਟੀਮ ਨੇ 12 ਲੋਕਾਂ ਦੇ ਚਲਾਨ ਕੱਟੇ ਅਤੇ ਮੌਕੇ 'ਤੇ ਜੁਰਮਾਨਾ ਵਸੂਲ ਕੀਤਾ।


Related News