ਲਾਡੋਵਾਲ ਬਾਈਪਾਸ ਦੇ ਪ੍ਰਾਜੈਕਟ ''ਤੇ ਰੇਤ ਮਾਫੀਆ ਦਾ ਸਾਇਆ!

12/13/2017 5:02:54 AM

ਲੁਧਿਆਣਾ(ਹਿਤੇਸ਼)-ਲਾਡੋਵਾਲ ਬਾਈਪਾਸ ਦੇ ਪ੍ਰਾਜੈਕਟ 'ਤੇ ਰੇਤ ਮਾਫੀਆ ਦਾ ਸਾਇਆ ਪੈ ਗਿਆ ਹੈ, ਜਿਸ ਤਹਿਤ ਮਾਈਨਿੰਗ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਪੁਲਸ ਕੋਲ ਪੁੱਜਣ ਤੋਂ ਬਾਅਦ ਸਾਈਟ 'ਤੇ ਉਸਾਰੀ ਬੰਦ ਹੋ ਗਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇ ਵੱਲੋਂ ਪ੍ਰਾਜੈਕਟ ਲਈ ਜੋ ਜਗ੍ਹਾ ਕੁਰਕ ਕੀਤੀ ਗਈ ਹੈ ਜਾਂ ਜੋ ਪੁਰਾਣੀ ਸੜਕ ਦਾ ਹਿੱਸਾ ਹੈ, ਉਸ ਵਿਚ ਨਿਰਮਾਣ ਕਰਨ ਲਈ ਕੰਪਨੀ ਵੱਲੋਂ ਮਿੱਟੀ ਕੱਢੀ ਜਾ ਰਹੀ ਹੈ, ਜਿਸ ਕੰਪਨੀ ਨੂੰ ਅਜਿਹਾ ਕਰਨ ਤੋਂ ਕੁੱਝ ਲੋਕ ਰੋਕ ਰਹੇ ਹਨ, ਜੋ ਇਲਾਕੇ ਵਿਚ ਰੇਤ-ਮਿੱਟੀ ਦਾ ਨਾਜਾਇਜ਼ ਕਾਰੋਬਾਰ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਇਕ ਵੱਡੇ ਕਾਂਗਰਸੀ ਆਗੂ ਦੀ ਸ਼ਹਿ ਪ੍ਰਾਪਤ ਹੈ, ਜਿਨ੍ਹਾਂ ਨੇ ਕਈ ਵਾਰ ਸਾਈਟ 'ਤੇ ਜਾ ਕੇ ਕੰਪਨੀ ਨੂੰ ਜ਼ਮੀਨ ਤੋਂ ਕੱਢੀ ਜਾ ਰਹੀ ਮਿੱਟੀ ਉਨ੍ਹਾਂ ਨੂੰ ਦੇਣ ਲਈ ਕਿਹਾ ਅਤੇ ਮੁਲਾਜ਼ਮਾਂ ਨੂੰ ਵੀ ਧਮਕਾਇਆ। ਜਦੋਂ ਕੰਪਨੀ ਨੇ ਮਿੱਟੀ ਕੱਢਣ ਲਈ ਬਕਾਇਦਾ ਮਾਈਨਿੰਗ ਵਿਭਾਗ ਤੋਂ ਮਨਜ਼ੂਰੀ ਲੈਣ ਦੀ ਗੱਲ ਕਹੀ ਤਾਂ ਉਨ੍ਹਾਂ ਲੋਕਾਂ ਨੇ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਨ੍ਹਾਂ ਵੱਲੋਂ ਕੰਪਨੀ 'ਤੇ ਮਨਜ਼ੂਰੀ ਤੋਂ ਜ਼ਿਆਦਾ ਜਗ੍ਹਾ ਤੋਂ ਮਿੱਟੀ ਕੱਢਣ ਦਾ ਦੋਸ਼ ਲਾਇਆ ਗਿਆ ਹੈ, ਜਿਸ 'ਤੇ ਕੰਪਨੀ ਨੇ ਹਾਲ ਦੀ ਘੜੀ ਮੌਕੇ 'ਤੇ ਉਸਾਰੀ ਬੰਦ ਕਰ ਕੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ।
ਜੰਗਲਾਤ ਵਿਭਾਗ ਵੀ ਜਤਾ ਚੁੱਕਾ ਹੈ ਇਤਰਾਜ਼
ਲਾਡੋਵਾਲ ਬਾਈਪਾਸ ਬਣਾਉਣ ਦਾ ਕੰਮ ਕਰ ਰਹੀ ਕੰਪਨੀ ਵੱਲੋਂ ਮਿੱਟੀ ਕੱਢਣ 'ਤੇ ਜੰਗਲਾਤ ਵਿਭਾਗ ਵੀ ਇਤਰਾਜ਼ ਜਤਾ ਚੁੱਕਾ ਹੈ, ਜਿਸ ਦੇ ਅਫਸਰਾਂ ਨੇ ਪਿਛਲੇ ਦਿਨੀਂ ਮੌਕੇ 'ਤੇ ਜਾ ਕੇ ਦਾਅਵਾ ਕੀਤਾ ਸੀ ਕਿ ਜਿਸ ਜਗ੍ਹਾ ਤੋਂ ਮਿੱਟੀ ਕੱਢੀ ਜਾ ਰਹੀ ਹੈ, ਉਹ ਜੰਗਲਾਤ ਵਿਭਾਗ ਦੀ ਜਗ੍ਹਾ ਹੈ, ਜਿਸ ਨੂੰ ਲੈ ਕੇ ਕੰਪਨੀ ਤੋਂ ਪਹਿਲਾਂ ਨਿਸ਼ਾਨਦੇਹੀ ਕਰਵਾਉਣ ਨੂੰ ਕਿਹਾ ਗਿਆ।
ਪਹਿਲਾਂ ਹੀ ਕਾਫੀ ਲੇਟ ਚੱਲ ਰਿਹਾ ਹੈ ਪ੍ਰਾਜੈਕਟ
ਵਰਨਣਯੋਗ ਹੈ ਕਿ ਫਿਰੋਜ਼ਪੁਰ ਰੋਡ ਤੋਂ ਇਲਾਵਾ ਚੰਡੀਗੜ੍ਹ ਸਾਈਡ ਤੋਂ ਸਿੱਧਵਾਂ ਨਹਿਰ ਕੰਢੇ ਹੋ ਕੇ ਜਲੰਧਰ ਸਾਈਡ ਜਾਣ ਵਾਲੇ ਲੋਕਾਂ ਨੂੰ ਲੋਕਲ ਟਰੈਫਿਕ ਜਾਮ ਤੋਂ ਬਚਾਉਣ ਲਈ ਲਾਡੋਵਾਲ ਤੱਕ ਬਾਈਪਾਸ ਬਣਾਉਣ ਦੀ ਯੋਜਨਾ ਕਾਫੀ ਪੁਰਾਣੀ ਬਣੀ ਹੋਈ ਹੈ, ਜਿਸ ਤਹਿਤ ਇਕ ਵਾਰ ਪੀ. ਡਬਲਿਊ. ਡੀ. ਵੱਲੋਂ ਲਾਇਆ ਗਿਆ ਟੈਂਡਰ ਵੀ ਕੋਈ ਕੰਪਨੀ ਅੱਗੇ ਨਾ ਆਉਣ ਕਾਰਨ ਸਿਰੇ ਨਹੀਂ ਚੜ੍ਹ ਸਕਿਆ ਸੀ। ਫਿਰ ਸਰਕਾਰ ਨੇ ਫੰਡ ਦੀ ਕਮੀ ਦਾ ਹਵਾਲਾ ਦੇ ਕੇ ਕੇਂਦਰ ਤੋਂ ਮਦਦ ਮੰਗੀ ਅਤੇ ਨੈਸ਼ਨਲ ਹਾਈਵੇ ਤਹਿਤ ਪ੍ਰਾਜੈਕਟ ਮਨਜ਼ੂਰ ਹੋਇਆ, ਜਿਸ ਦਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਨੀਂਹ ਪੱਥਰ ਤੋਂ ਕਾਫੀ ਦੇਰ ਬਾਅਦ ਵੀ ਅਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਾ ਵੰਡੇ ਜਾਣ ਕਾਰਨ ਉਸਾਰੀ ਸ਼ੁਰੂ ਨਹੀਂ ਹੋ ਸਕੀ ਸੀ।


Related News