ਘਰ ਦੀ ਗਰਿੱਲ ਤੋੜ ਕੇ ਲੱਖਾਂ ਰੁਪਏ ਦੇ ਗਹਿਣਿਆਂ ''ਤੇ ਹੱਥ ਸਾਫ

12/13/2017 4:54:54 AM

ਲੁਧਿਆਣਾ(ਰਿਸ਼ੀ)-ਥਾਣਾ ਸਰਾਭਾ ਨਗਰ ਦੇ ਇਲਾਕੇ ਰਾਜਗੁਰੂ ਨਗਰ 'ਚ ਬੰਦ ਘਰ 'ਚ ਛੱਤ ਦੇ ਰਸਤੇ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ ਚੋਰ ਲੱਖਾਂ ਦੇ ਗਹਿਣੇ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮੋਹਨ ਸਿੰਘ ਨੇ ਦੱਸਿਆ ਕਿ ਉਹ ਇੰਸ਼ੋਰੈਂਸ ਕੰਪਨੀ ਤੋਂ ਰਿਟਾਇਰਡ ਕਰਮਚਾਰੀ ਹਨ। ਬੀਤੀ 8 ਦਸੰਬਰ ਸਵੇਰੇ 9 ਵਜੇ ਘਰ ਨੂੰ ਤਾਲੇ ਲਾ ਕੇ ਸਾਰਾ ਪਰਿਵਾਰ ਦਿੱਲੀ ਰਿਸ਼ਤੇਦਾਰਾਂ ਦੇ ਘਰ ਵਿਆਹ ਸਮਾਰੋਹ 'ਚ ਚਲਾ ਗਿਆ ਸੀ। ਐਤਵਾਰ ਸ਼ਾਮ ਲਗਭਗ 8 ਵਜੇ ਘਰ ਵਾਪਸ ਆ ਕੇ ਮੇਨ ਗੇਟ ਦਾ ਤਾਲਾ ਖੋਲ੍ਹਿਆ ਤਾਂ ਉਸ ਦੇ ਬਾਅਦ ਅੰਦਰ ਦੇ ਦਰਵਾਜ਼ੇ ਦਾ ਲਾਕ ਖੋਲ੍ਹਣ 'ਤੇ ਅੰਦਰੋਂ ਕੁੰਡੀ ਲੱਗੀ ਹੋਣ ਕਾਰਨ ਖੁੱਲ੍ਹਾ ਨਹੀਂ, ਜਦਕਿ ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਘਰ 'ਚ ਪਏ ਲਗਭਗ 25 ਤੋਲੇ ਸੋਨੇ ਦੇ ਗਹਿਣੇ, ਡਾਇਮੰਡ ਦੇ ਸੈੱਟ, 2 ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਲੈ ਗਏ।
ਚੋਰਾਂ ਨੇ ਲਾਏ ਪੈੱਗ, ਮਿਲੇ 3 ਗਿਲਾਸ
ਘਰ ਦੇ ਮਾਲਕ ਅਨੁਸਾਰ ਚੋਰਾਂ ਨੇ ਘਰ ਦੇ ਅੰਦਰ ਕਾਫੀ ਸਮਾਂ ਬਤੀਤ ਕੀਤਾ ਹੈ। ਉਨ੍ਹਾਂ ਨੇ ਘਰ 'ਚ ਆਰਾਮ ਨਾਲ ਬੈਠ ਕੇ ਪਹਿਲਾਂ ਸ਼ਰਾਬ ਪੀਤੀ, ਫਿਰ ਸਾਮਾਨ ਚੋਰੀ ਕੀਤਾ। ਉਨ੍ਹਾਂ ਨੂੰ ਚੋਰਾਂ ਵੱਲੋਂ ਪੈੱਗ ਲਾਉਣ ਲਈ ਇਸਤੇਮਾਲ ਕੀਤੇ ਗਏ 3 ਖਾਲੀ ਗਿਲਾਸ ਅਤੇ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਘਰ 'ਚ ਚੋਰੀ ਕਰਨ ਲਈ 3 ਚੋਰ ਆਏ ਸਨ। 
ਪੁਲਸ ਖੰਗਾਲ ਰਹੀ ਕੈਮਰਿਆਂ ਦੀ ਫੁਟੇਜ 
ਜਾਂਚ ਕਰਨ ਪਹੁੰਚੀ ਪੁਲਸ ਇਲਾਕੇ 'ਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਪੁਲਸ ਅਨੁਸਾਰ ਘਰ ਦੀ ਬੈਕ ਸਾਈਡ 'ਤੇ ਇਕ ਖਾਲੀ ਪਲਾਟ ਹੈ। ਚੋਰ ਉਥੋਂ ਚੜ੍ਹ ਕੇ ਛੱਤ 'ਤੇ ਖਿੜਕੀ ਦੀ ਗਰਿੱਲ ਤੋੜ ਕੇ ਘਰ ਅੰਦਰ ਦਾਖਲ ਹੋਏ ਸਨ ਤੇ ਇਸੇ ਰਸਤੇ ਤੋਂ ਫਰਾਰ ਹੋ ਗਏ। 


Related News