ਪੁਲਸ ਦੇ ਨੱਕ ਹੇਠ ਚੋਰੀ ਚੋਰਾਂ ਨੇ ਥਾਣੇ ਨੇੜੇ ਕਰਿਆਨੇ ਦੀ ਦੁਕਾਨ ''ਚ ਲਾਈ ਸੰਨ੍ਹ

12/12/2017 7:34:31 AM

ਸੰਗਰੂਰ(ਵਿਕਾਸ, ਅੱਤਰੀ, ਸੰਜੀਵ)—ਪੁਲਸ ਥਾਣਾ ਭਵਾਨੀਗੜ੍ਹ ਤੋਂ ਸਿਰਫ 300 ਮੀਟਰ ਦੀ ਦੂਰੀ 'ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਬੀਤੀ ਰਾਤ ਚੋਰ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦਿਆਂ ਕਾਕੜਾ ਰੋਡ 'ਤੇ ਸਥਿਤ ਰਾਜੇਸ਼ ਫੀਡ ਐਂਡ ਕਰਿਆਨਾ ਸਟੋਰ ਦੇ ਮਾਲਕ ਰਾਜੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਉਹ ਐਤਵਾਰ ਦੀ ਸ਼ਾਮ ਨੂੰ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਗਿਆ ਸੀ । ਰਾਤ ਤਕਰੀਬਨ 3 ਵਜੇ ਉਨ੍ਹਾਂ ਦੇ ਗੁਆਢੀ ਸੁਧਾਂਸ਼ੂ ਨੇ ਚੋਰੀ ਸਬੰਧੀ ਜਾਣਕਾਰੀ ਦਿੱਤੀ ਤਾਂ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦੇਖਿਆ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਸੱਬਲ ਨਾਲ ਤੋੜੇ ਪਏ ਸਨ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ 'ਚੋਂ ਦੇਸੀ ਘਿਉ ਦੀਆਂ 3 ਪੇਟੀਆਂ, ਸਰ੍ਹੋਂ ਦਾ ਤੇਲ, ਚੀਨੀ ਦੇ ਗੱਟੇ, ਦਾਲਾਂ ਸਾਬਣ, ਚਾਹਪੱਤੀ ਅਤੇ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ । ਕਾਰ 'ਚ ਆਏ ਸਨ ਚੋਰ : ਗੁਆਂਢੀ ਸੁਧਾਸ਼ੂ ਦੇ ਦੱਸਣ ਅਨੁਸਾਰ ਉਹ ਆਪਣੇ ਚੁਬਾਰੇ ਵਿਚ ਸੁੱਤਾ ਪਿਆ ਸੀ ਤਾਂ 2.30 ਕੁ ਵਜੇ ਉਸ ਨੇ ਉਠ ਕੇ ਬਾਹਰ ਦੇਖਿਆ ਕਿ ਅਣਪਛਾਤੇ 2-3 ਮੋਨੇ ਵਿਅਕਤੀ ਉਕਤ ਦੁਕਾਨ 'ਚੋਂ ਸਾਮਾਨ ਚੁੱਕ ਕੇ ਕਾਰ ਵਿਚ ਲੱਦ ਰਹੇ ਸਨ। ਰੌਲਾ ਪਾਉਣ 'ਤੇ ਉਕਤ ਚੋਰ ਕਾਰ ਸਣੇ ਸਾਮਾਨ ਲੈ ਕੇ ਫਰਾਰ ਹੋ ਗਏ ।
ਕੀ ਕਹਿੰਦੇ ਨੇ ਥਾਣਾ ਮੁਖੀ : ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਚਰਨਜੀਵ ਲਾਂਬਾ ਨੇ ਦੱਸਿਆ ਕਿ ਕਾਕੜਾ ਰੋਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖਣ ਲਈ ਮਾਹਰਾਂ ਨੂੰ ਬੁਲਾਇਆ ਗਿਆ ਹੈ ਤਾਂ ਜੋ ਚੋਰੀ ਸਬੰਧੀ ਸੁਰਾਗ ਹੱਥ ਲੱਗ ਸਕੇ ।


Related News