ਲੱਖਾਂ ਰੁਪਏ ਲੈ ਕੇ ਵੀ ਨਹੀਂ ਵਸਾਈ ਨੂੰਹ, ਕੇਸ ਦਰਜ

12/12/2017 7:22:30 AM

ਮਾਲੇਰਕੋਟਲਾ(ਜ਼ਹੂਰ/ਸ਼ਹਾਬੂਦੀਨ)-ਪੁਲਸ ਨੇ ਇਕ ਵਿਆਹੁਤਾ ਦੇ ਬਿਆਨਾਂ 'ਤੇ ਉਸ ਦੇ ਸਹੁਰੇ ਪਰਿਵਾਰ 'ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਮਾਲੇਰਕੋਟਲਾ ਦੀ ਸ਼ਹਿਨਾਜ਼ ਬਾਨੋ ਪੁੱਤਰੀ ਰੋਸ਼ਨ ਲਾਲ (ਰੋਸ਼ਨ ਅਲੀ) ਦਾ ਵਿਆਹ ਪਟਿਆਲਾ ਵਾਸੀ ਜਾਹਿਦ ਜਮਾਲ ਪੁੱਤਰ ਹਨੀਫ ਸੀਮਾ ਨਾਲ 27 ਮਾਰਚ 2015 ਨੂੰ ਹੋਇਆ ਸੀ।  ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਹਿਨਾਜ਼ ਬਾਨੋ ਨੇ ਸਹੁਰੇ ਪਰਿਵਾਰ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕਈ ਵਾਰ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਕੋਈ ਕੈਮੀਕਲ ਮਿਲਾ ਕੇ ਜ਼ਬਰਦਸਤੀ ਦਵਾਈ ਪੀਣ ਲਈ ਦਿੱਤੀ ਜਾਂਦੀ ਸੀ ਪਰ ਉਹ ਪੜ੍ਹੀ ਲਿਖੀ ਹੋਣ ਕਰ ਕੇ ਉਕਤ ਦਵਾਈ ਨੂੰ ਲੈਣ ਤੋਂ ਮਨ੍ਹਾ ਕਰ ਦਿੰਦੀ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਸੱਸ ਸਣੇ ਬਾਕੀ ਪਰਿਵਾਰਕ ਮੈਂਬਰ ਘੱਟ ਦਾਜ ਲਿਆਉਣ ਸਬੰਧੀ ਤੰਗ-ਪ੍ਰੇਸ਼ਾਨ ਕਰਨ ਤੋਂ ਨਾ ਹਟੇ ਤਾਂ ਉਸ ਨੇ ਆਪਣੇ ਪਿਤਾ ਰੋਸ਼ਨ ਲਾਲ ਤੋਂ 5 ਲੱਖ ਰੁਪਏ ਲਿਆ ਕੇ ਸਹੁਰੇ ਪਰਿਵਾਰ ਨੂੰ ਦੇ ਦਿੱਤੇ, ਜਿਸ ਤੋਂ ਬਾਅਦ ਉਹ ਆਪਣੇ ਮਾਮਾ ਜੀਮਲ ਫਾਰੂਕੀ ਨਾਲ 9 ਜੁਲਾਈ 2015 ਨੂੰ ਆਪਣੇ ਪਤੀ ਜਾਹਿਦ ਜਮਾਲ ਕੋਲ ਸਾਊਦੀ ਅਰਬ ਚਲੀ ਗਈ ਕਿਉਂਕਿ ਉਸਦਾ ਪਤੀ ਅਪ੍ਰੈਲ ਵਿਚ ਹੀ ਸਾਊਦੀ ਅਰਬ ਕੰਮ ਕਰਨ ਚਲਾ ਗਿਆ ਸੀ ।  ਸ਼ਹਿਨਾਜ਼ ਬਾਨੋ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰੇ ਪਰਿਵਾਰ ਨੇ 5 ਲੱਖ ਲੈਣ ਤੋਂ ਬਾਅਦ ਵੀ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਛੱਡਿਆ ਤੇ ਆਤਮਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਸੀ, ਕਿਉਂਕਿ ਉਸਦਾ ਸਹੁਰਾ ਹਨੀਫ ਸੀਮਾ 18 ਲੱਖ ਰੁਪਏ ਦੀ ਗੱਡੀ ਦੀ ਮੰਗ ਕਰ ਰਿਹਾ ਸੀ । ਉਸਨੇ ਦੱਸਿਆ ਕਿ ਉਹ 2 ਵਾਰ ਗਰਭਵਤੀ ਵੀ ਹੋ ਗਈ ਸੀ ਪਰ ਉਸ ਨੂੰ ਧੋਖੇ ਨਾਲ ਕੁੱਝ ਦਵਾਈਆਂ ਦੇ ਕੇ ਗਰਭਪਾਤ ਕਰਵਾ ਦਿੱਤਾ ਗਿਆ ਅਤੇ ਕਿਹਾ ਕਿ ਉਹ ਉਦੋਂ ਤੱਕ ਗਰਭਧਾਰਨ ਨਹੀਂ ਕਰ ਸਕੇਗੀ, ਜਦੋਂ ਤੱਕ ਆਪਣੇ ਪਿਤਾ ਦਾ ਦਿੱਲੀ ਵਾਲਾ ਫਲੈਟ ਆਪਣੀ ਨਣਦ ਦੇ ਨਾਂ ਨਹੀਂ ਕਰਵਾ ਦਿੰਦੀ । ਜਾਹਿਦ ਜਮਾਲ, ਇਕਬਾਲ ਬਾਨੋ, ਮੁਮਤਾਜ, ਸਾਜਿਦਾ, ਸਾਜਿਦ, ਸ਼ਾਹਿਦ ਤੇ ਰੁਕਸਾਨਾ ਨੇ ਕਿਹਾ ਕਿ ਉਸਦੇ ਵਿਆਹ ਦੇ ਅਜੇ 13 ਲੱਖ ਰੁਪਏ ਬਾਕੀ ਹਨ, ਜੋ ਉਹ ਆਪਣੇ ਪਿਤਾ ਤੋਂ ਮੰਗਵਾ ਕੇ ਦੇਵੇ । ਜਦੋਂ ਉਹ ਤੰਗ-ਪ੍ਰੇਸ਼ਾਨ ਕਰਨ ਤੋਂ ਬਾਜ਼ ਨਾ ਆਏ ਤਾਂ ਉਸ ਨੇ ਕੁੱਝ ਦਿਨ ਬਾਅਦ ਆਪਣੇ ਪਿਤਾ ਰੋਸ਼ਨ ਲਾਲ, ਜੋ ਇਸ ਸਮੇਂ ਰਾਜਸਥਾਨ ਜੋਧਪੁਰ ਵਿਚ ਹੀ ਨੌਕਰੀ ਕਰਦੇ ਹਨ, ਤੋਂ 10 ਲੱਖ ਰੁਪਏ ਹੋਰ ਲਿਆ ਕੇ ਆਪਣੀ ਸੱਸ ਇਕਬਾਲ ਬਾਨੋ ਨੂੰ ਦੇ ਦਿੱਤੇ ।  ਸ਼ਹਿਨਾਜ਼ ਬਾਨੋ ਨੇ ਦੱਸਿਆ ਕਿ ਉਸਦੇ ਪਿਤਾ ਨੇ ਉਸਦੇ ਸਹੁਰੇ ਪਰਿਵਾਰ ਨੂੰ ਸਮਝਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਕਿ ਨਵੰਬਰ 2016 ਵਿਚ ਸਾਰੀ ਪ੍ਰਾਪਰਟੀ ਉਨ੍ਹਾਂ ਦੇ ਨਾਂ ਹੋ ਜਾਵੇਗੀ ਤੇ ਇਸ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਕੁੜੀਆਂ ਹੀ ਸਮੂਹਿਕ ਤੌਰ 'ਤੇ ਉਨ੍ਹਾਂ ਜਾਇਦਾਦ ਦੀਆਂ ਵਾਰਿਸ ਹੋਣਗੀਆਂ ਪਰ ਇਸ ਨਾਲ ਵੀ ਉਸਦਾ ਸਹੁਰਾ ਪਰਿਵਾਰ ਸੰਤੁਸ਼ਟ ਨਾ ਹੋ ਸਕਿਆ। ਬਾਨੋ ਨੇ ਦੱਸਿਆ ਕਿ ਉਸ ਦੇ ਪਿਤਾ ਏਅਰ ਫੋਰਸ ਵਿਚ ਸਰਵਿਸ ਕਰਦੇ ਹਨ ਅਤੇ ਨਵੰਬਰ 2016 ਵਿਚ ਉਨ੍ਹਾਂ ਦੀ ਦਿੱਲੀ ਤੋਂ ਜੋਧਪੁਰ ਦੀ ਬਦਲੀ ਹੋ ਗਈ ਤੇ ਪਰਿਵਾਰ ਵਿਚ ਉਸਦਾ ਰਹਿਣਾ ਹੋਰ ਵੀ ਮੁਸ਼ਕਿਲ ਹੋ ਗਿਆ।  ਉਸ ਦੇ ਸਹੁਰਾ ਪਰਿਵਾਰ ਵਾਲੇ ਸਾਊਦੀ ਅਰਬ ਵਿਖੇ ਬੈਠੇ ਉਸਦੇ ਪਤੀ ਨਾਲ ਗੱਲਬਾਤ ਵੀ ਨਹੀਂ ਕਰਨ ਦਿੰਦੇ ਸੀ। ਸਤੰਬਰ 2017 ਵਿਚ ਉਹ ਆਪਣੇ ਪਿਤਾ ਕੋਲ ਜੋਧਪੁਰ ਚਲੀ ਗਈ, ਜਿੱਥੇ ਉਸ ਨੇ ਸਹੁਰੇ ਪਰਿਵਾਰ ਪਤੀ ਜਾਹਿਦ ਜਮਾਲ, ਇਕਬਾਲ ਬਾਨੋ, ਸਾਜਿਦਾ, ਮੁਮਤਾਜ, ਸ਼ਾਹਿਦ, ਸਾਜਿਦ ਖਿਲਾਫ ਮਾਮਲਾ ਦਰਜ ਕਰਨ ਲਈ ਪੁਲਸ ਕਮਿਸ਼ਨਰ ਜੋਧਪੁਰ ਕੋਲ ਫਰਿਆਦ ਕੀਤੀ ਤੇ ਪੁਲਸ ਨੇ ਸ਼ਹਿਨਾਜ਼ ਬਾਨੋ ਦੇ ਬਿਆਨਾਂ ਦੇ ਆਧਾਰ 'ਤੇ 5 ਦਸੰਬਰ 2017 ਨੂੰ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ।


Related News