ਫਾਇਨਾਂਸ ਕੰਪਨੀ ''ਚ ਚੋਰੀ, ਵਾਰਦਾਤ ਸੀ. ਸੀ. ਟੀ. ਵੀ. ''ਚ ਕੈਦ

12/12/2017 1:01:21 AM

ਅਬੋਹਰ(ਸੁਨੀਲ)- ਅਬੋਹਰ-ਹਨੂੰਮਾਨਗੜ੍ਹ ਰੋਡ 'ਤੇ ਹੋਟਲ ਸਾਹਮਣੇ ਸਥਿਤ ਕਾਲਜ ਰੋਡ 'ਤੇ ਇਕ ਫਾਇਨਾਂਸ ਕੰਪਨੀ ਦੇ ਹੀ ਇਕ ਸਾਬਕਾ ਮੁਲਾਜ਼ਮ ਨੇ ਸ਼ਨੀਵਾਰ ਸ਼ਾਮ ਨੂੰ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਫਿਲਮੀ ਸਟਾਈਲ 'ਚ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਪਰ ਉਕਤ ਚੋਰ ਦੀ ਪੋਲ ਕੰਪਨੀ 'ਚ ਹੀ ਲੱਗੇ ਕੈਮਰਿਆਂ ਨੇ ਖੋਲ੍ਹ ਦਿੱਤੀ। ਸੂਤਰਾਂ ਮੁਤਾਬਕ ਉਕਤ ਚੋਰ ਨੂੰ ਪੁਲਸ ਨੇ ਕਾਬੂ ਕਰ ਲਿਐ ਅਤੇ ਸਾਮਾਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਬੋਹਰ ਹਨੂੰਮਾਨਗੜ੍ਹ ਰੋਡ 'ਤੇ ਕੋਟਕ ਮਹਿੰਦਰਾ ਦੇ ਉਪਰ ਬਿਲਡਿੰਗ 'ਚ ਬਣੇ ਹਿੰਦੂਜਾ ਲੇਲੈਂਡ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਸ਼ਨੀਵਾਰ ਨੂੰ ਸਾਢੇ 6 ਵਜੇ ਦਫਤਰ ਬੰਦ ਕਰਕੇ ਚਲੇ ਗਏ। ਐਤਵਾਰ ਸਵੇਰੇ ਕਿਸੇ ਕੰਮ ਤੋਂ ਕੰਪਨੀ ਦੇ ਕੁਝ ਮੁਲਾਜ਼ਮ ਦਫਤਰ 'ਚ ਆਏ ਤਾਂ ਉਨ੍ਹਾਂ ਦੇਖਿਆ ਕਿ ਦਫਤਰ 'ਚ ਕਾਗਜ਼ਾਤ ਖਿੱਲਰੇ ਹੋਏ ਸਨ ਅਤੇ ਕਮਰੇ 'ਚ ਰੱਖੀ ਸੇਫ ਕੱਟੀ ਹੋਈ ਖਾਲੀ ਪਈ ਸੀ, ਜਿਸ 'ਚ ਰੱਖੀ ਸਾਢੇ 3 ਲੱਖ ਦੀ ਨਕਦੀ ਗਾਇਬ ਸੀ। ਉਨ੍ਹਾਂ ਇਸ ਗੱਲ ਦੀ ਸੂਚਨਾ ਕੰਪਨੀ ਅਧਿਕਾਰੀਆਂ ਤੇ ਥਾਣਾ ਨੰਬਰ 2 ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰਦੇ ਹੋਏ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਇਕ ਨੌਜਵਾਨ ਕੈਮਰਿਆਂ ਦਾ ਮੂੰਹ ਮੋੜਦੇ ਹੋਏ ਨਜ਼ਰ ਆਇਆ ਅਤੇ ਹੋਰ ਕੈਮਰਿਆਂ ਦੀ ਜਾਂਚ 'ਚ ਪਾਇਆ ਗਿਆ ਕਿ ਉਕਤ ਨੌਜਵਾਨ ਨੇ ਲੜਕੀਆਂ ਦਾ ਪੰਜਾਬੀ ਸੂਟ ਪਾ ਕੇ ਇਸ ਘਟਨਾ ਨੂੰ ਅੰਜਾਮ ਦਿੰਦੇ ਹੋਏ ਸੇਫ ਨੂੰ ਬਿਜਲੀ ਕਟਰ ਨਾਲ ਕੱਟਣ ਤੋਂ ਬਾਅਦ ਰੁਪਏ ਲੈ ਕੇ ਦਫਤਰ 'ਚ ਹੀ ਲੱਗੀ ਇਕ ਸ਼ੀਸ਼ੇ ਦੀ ਖਿੜਕੀ ਚੋਂ ਫਰਾਰ ਹੋ ਗਿਆ। ਪੁਲਸ ਵੱਲੋਂ ਕੰਪਨੀ ਅਧਿਕਾਰੀਆਂ ਨੂੰ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਵਰਿਆਮਖੇੜਾ ਵਾਸੀ ਵਿਨੋਦ ਕੁਮਾਰ ਹੈ, ਜਿਹੜਾ ਕਿ ਪਹਿਲਾਂ ਇਸੇ ਕੰਪਨੀ 'ਚ ਕੰਮ ਕਰਦਾ ਸੀ ਅਤੇ 2 ਮਹੀਨੇ ਪਹਿਲਾਂ ਉਸ ਨੇ ਇਹ ਕੰਪਨੀ ਛੱਡ ਦਿੱਤੀ ਸੀ। ਡੂੰਘਾਈ ਨਾਲ ਜਾਂਚ ਕਰਨ 'ਤੇ ਪਾਇਆ ਕਿ ਉਕਤ ਨੌਜਵਾਨ ਨੇ ਸ਼ਨੀਵਾਰ ਨੂੰ ਇਸ ਪੂਰੀ ਬਿਲਡਿੰਗ ਦੀ ਹਰ ਥਾਂ ਦੀ ਰੇਕੀ ਕੀਤੀ ਸੀ ਅਤੇ ਸ਼ਾਮ ਸਾਢੇ 6 ਤੋਂ 8 ਵਜੇ ਦੌਰਾਨ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਨੇ ਕੰਪਨੀ ਦੀ ਟੁੱਟੀ ਸੇਫ ਤੇ ਕੈਮਰਿਆਂ ਦੇ ਡੀ ਵੀ ਆਰ ਤੇ ਹੋਰ ਸਾਮਾਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਕਥਿਤ ਰੂਪ ਨਾਲ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਤੋਂ ਲੱਖਾਂ ਦੀ ਨਕਦੀ ਵੀ ਬਰਾਮਦ ਕਰ ਲਈ ਹੇ। ਇਧਰ ਇਸ ਮਾਮਲੇ 'ਚ ਥਾਣਾ ਨੰਬਰ 2 ਦੇ ਮੁਖੀ ਚੰਦਰ ਸ਼ੇਖਰ ਨਾਲ ਗੱਲ ਕਰਨ 'ਤੇ ਉਨਾਂ ਜ਼ਿਆਦਾ ਜਾਣਕਾਰੀ ਨਾ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਕੰਪਨੀ ਦੇ ਮੁਲਾਜ਼ਮਾਂ ਅਤੇ ਕੈਮਰਿਆਂ ਦੀ ਰਿਕਾਰਡਿੰਗ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। 
 


Related News