ਸਹੁਰੇ ਘਰ ਪਹੁੰਚ ਕੇ ਪਤਨੀ ਤੇ ਸੱਸ ਦੀ ਕੁੱਟਮਾਰ, ਪਰਚਾ ਦਰਜ

10/19/2017 3:22:35 AM

ਜਗਰਾਓਂ(ਜਸਬੀਰ ਸ਼ੇਤਰਾ)– ਪਤੀ ਨਾਲ ਅਣਬਣ ਹੋਣ 'ਤੇ ਇਥੇ ਪੇਕੇ ਘਰ ਰਹਿੰਦੀ ਇਕ ਵਿਆਹੁਤਾ ਨਾਲ ਉਸ ਦੇ ਪਤੀ ਨੇ ਸਹੁਰੇ ਘਰ ਆ ਕੇ ਕੁੱਟਮਾਰ ਕੀਤੀ। ਪਤੀ ਨੇ ਪਤਨੀ ਤੋਂ ਇਲਾਵਾ ਸੱਸ ਨਾਲ ਵੀ ਕੁੱਟਮਾਰ ਕੀਤੀ ਜਿਸ 'ਤੇ ਉਸਦੀ ਸਾਲੀ ਨੇ ਆਪਣੇ ਜੀਜੇ ਤੇ ਉਸਦੇ ਸਾਥੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾ ਦਿੱਤਾ ਹੈ। ਥਾਣਾ ਸਿਟੀ 'ਚ ਮਾਮਲਾ ਦਰਜ ਕਰਕੇ ਦੋਹਾਂ ਮੁਲਜ਼ਮਾਂ ਦੀ ਪੁਲਸ ਗ੍ਰਿਫਤਾਰੀ ਲਈ ਭਾਲ ਕਰ ਰਹੀ ਹੈ। ਥਾਣਾ ਸਿਟੀ ਦੇ ਏ. ਐੱਸ. ਆਈ. ਅਨੁਸਾਰ ਇਹ ਮਾਮਲਾ ਰੋਹਿਤ ਕੁਮਾਰ ਵਾਸੀ ਹਰਕ੍ਰਿਸ਼ਨ ਮੁਹੱਲਾ ਮਾਲੇਰਕੋਟਲਾ ਰੋਡ ਖੰਨਾ ਤੇ ਉਸਦੇ ਦੋਸਤ ਵਿੱਕੀ ਕੁਮਾਰ ਖਿਲਾਫ ਦਰਜ ਹੋਇਆ ਹੈ।ਉਨ੍ਹਾਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 452 ਤੋਂ ਇਲਾਵਾ 323, 294, 506 ਤੇ 34 ਤਹਿਤ ਇਹ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮੀਨਾਕਸ਼ੀ ਪਤਨੀ ਸੁਨੀਲ ਵਾਸੀ ਜਗਰਾਓਂ ਨੇ ਦੱਸਿਆ ਹੈ ਕਿ ਉਸ ਦੀ ਵੱਡੀ ਭੈਣ ਮੋਨਿਕਾ ਦਾ ਆਪਣੇ ਪਤੀ ਰੋਹਿਤ ਕੁਮਾਰ ਨਾਲ ਪਰਿਵਾਰਕ ਝਗੜਾ ਚੱਲਦਾ ਹੈ। ਇਸ ਝਗੜੇ ਦੇ ਚੱਲਦਿਆਂ ਪਿਛਲੇ ਕੁਝ ਸਮੇਂ ਤੋਂ ਮੋਨਿਕਾ ਜਗਰਾਓਂ ਦੇ ਫਿਲੀ ਗੇਟ ਨੇੜੇ ਆਪਣੇ ਪੇਕੇ ਘਰ ਆਪਣੀ ਮਾਂ ਨਾਲ ਰਹਿੰਦੀ ਹੈ। ਬੀਤੇ ਦਿਨ ਰੋਹਿਤ ਕੁਮਾਰ ਤੇ ਉਸ ਦਾ ਸਾਥੀ ਵਿੱਕੀ ਕੁਮਾਰ ਸ਼ਾਮ ਸਮੇਂ ਆਏ ਤੇ ਉਨ੍ਹਾਂ ਘਰ ਅੰਦਰ ਜ਼ਬਰਨ ਦਾਖਲ ਹੋ ਕੇ ਮੋਨਿਕਾ ਤੋਂ ਇਲਾਵਾ ਉਨ੍ਹਾਂ ਦੀ ਮਾਂ ਨਾਲ ਵੀ ਕੁੱਟਮਾਰ ਕੀਤੀ। ਕੁੱਟਮਾਰ ਸਮੇਂ ਰੌਲਾ ਪੈਣ 'ਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ, ਜਿਸ 'ਤੇ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮ ਮੌਕੇ 'ਤੇ ਭੇਜ ਦਿੱਤੇ ਸਨ। ਮਹਿਲਾ ਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਵੀ ਦਰਜ ਕਰ ਲਿਆ ਹੈ ਤੇ ਮੁਲਜ਼ਮ ਵੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ।


Related News