ਲੁੱਟਣ ਦੀ ਨੀਅਤ ਨਾਲ ਅੱਖਾਂ ''ਚ ਮਿਰਚਾਂ ਪਾ ਕੇ ਵਪਾਰੀ ''ਤੇ ਜਾਨਲੇਵਾ ਹਮਲਾ

10/18/2017 1:28:36 AM

ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਵਿਚ ਬੀਤੀ ਰਾਤ ਲੋਹੇ ਦੀਆਂ ਰਾਡਾਂ ਨਾਲ ਲੈਸ 4 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪੌਣੇ ਤਿੰਨ ਲੱਖ ਰੁਪਏ ਖੋਹਣ ਦੀ ਨੀਅਤ ਨਾਲ 'ਤੁਲੀ ਬ੍ਰਦਰਜ਼' ਦੇ ਮਾਲਕ ਵਿਜੇ ਤੁਲੀ 'ਤੇ ਜਾਨਲੇਵਾ ਹਮਲਾ ਕੀਤਾ ਅਤੇ ਰਾਡਾਂ ਨਾਲ ਉਨ੍ਹਾਂ ਨੂੰ ਜ਼ਖਮੀ ਕਰ ਕੇ ਫਰਾਰ ਹੋ ਗਏ। ਵਿਜੇ ਤੁਲੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸਦੇ ਗੁੱਟ 'ਤੇ ਫ੍ਰੈਕਚਰ ਹੈ ਤੇ ਉਨ੍ਹਾਂ ਨੂੰ ਲੋਹੇ ਦੀਆਂ ਰਾਡਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। 
ਕਿਵੇਂ ਹੋਇਆ ਹਮਲਾ ਲੁਟੇਰਿਆਂ ਦਾ ਸ਼ਿਕਾਰ ਹੋਏ ਫਿਰੋਜ਼ਪੁਰ ਸ਼ਹਿਰੀ ਵਪਾਰ ਮੰਡਲ ਦੇ ਅਹੁਦੇਦਾਰ ਵਿਜੇ ਤੁਲੀ ਨੇ ਦੱਸਿਆ ਕਿ ਬੀਤੀ ਰਾਤ ਸਾਢੇ 10 ਵਜੇ ਆਪਣੀ ਦੁਕਾਨ ਬੰਦ ਕਰ ਕੇ ਮੇਨ ਬਾਜ਼ਾਰ ਤੋਂ ਆਪਣੇ ਸਕੂਟਰ 'ਤੇ ਉਹ ਘਰ ਪ੍ਰੀਤ ਨਗਰ ਫਿਰੋਜ਼ਪੁਰ ਸ਼ਹਿਰ ਵੱਲ ਜਾ ਰਿਹਾ ਸੀ ਤਾਂ ਉਸਦੇ ਸਕੂਟਰ ਵਿਚ ਪੌਣੇ ਤਿੰਨ ਲੱਖ ਰੁਪਏ ਸਨ ਅਤੇ ਜਿਵੇਂ ਹੀ ਧਵਨ ਕਾਲੋਨੀ ਦੀ ਗਲੀ ਨੰ. 2 ਵਿਚ ਦਾਖਲ ਹੋਇਆ ਤਾਂ 2 ਮੋਟਰਸਾਈਕਲਾਂ 'ਤੇ 4 ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ। ਮੋਟਰਸਾਈਕਲ 'ਤੇ ਸਵਾਰ 2 ਲੁਟੇਰਿਆਂ ਨੇ ਆਪਣਾ ਮੋਟਰਸਾਈਕਲ, ਸਕੂਟਰ ਦੇ ਅੱਗੇ ਲਾ ਦਿੱਤਾ ਅਤੇ ਵਿਜੇ ਤੁਲੀ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ। ਜਦੋਂ ਉਹ ਸਕੂਟਰ ਤੋਂ ਡਿੱਗ ਗਿਆ ਤਾਂ ਪਿੱਛੇ ਵਾਲੇ ਮੋਟਰਸਾਈਕਲ 'ਤੇ ਬੈਠੇ ਲੁਟੇਰਿਆਂ ਨੇ ਵਿਜੇ ਤੁਲੀ ਦਾ ਸਕੂਟਰ ਖੋਹ ਲਿਆ। ਵਿਜੇ ਲੁਟੇਰਿਆਂ ਨਾਲ ਧੱਕਾ-ਮੁੱਕੀ ਕਰਦੇ ਰਹੇ ਤੇ ਉਨ੍ਹਾਂ ਨੇ ਉਥੇ ਫਿਰੋਜ਼ਪੁਰ ਸ਼ਹਿਰ ਦੇ ਨਾਮੀ ਐੱਨ. ਜੀ. ਓ. ਰੌਸ਼ਨ ਲਾਲ ਸੇਠੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਲੁਟੇਰਿਆਂ ਨਾਲ ਧੱਕਾ-ਮੁੱਕੀ ਕਰਦੇ ਰੌਲਾ ਪਾਇਆ। ਜਿਵੇਂ ਹੀ ਰੌਸ਼ਨ ਲਾਲ ਸੇਠੀ ਅਤੇ ਉਨ੍ਹਾਂ ਦਾ ਪਰਿਵਾਰ ਬਾਹਰ ਆਇਆ ਤਾਂ ਲੁਟੇਰੇ ਉਥੋਂ ਫਰਾਰ ਹੋ ਗਏ ਅਤੇ ਖੂਨ ਨਾਲ ਲੱਥਪੱਥ ਵਿਜੇ ਤੁਲੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। 
ਐੱਸ. ਐੱਸ. ਪੀ. ਨੇ ਤੁਰੰਤ ਪੁਲਸ ਪਾਰਟੀ ਭੇਜੀ : ਦੂਸਰੇ ਪਾਸੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੂੰ ਰਾਤ ਸਾਢੇ 11 ਵਜੇ ਫੋਨ 'ਤੇ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਤੁਰੰਤ ਐੱਸ. ਐੱਚ. ਓ. ਥਾਣਾ ਸਿਟੀ ਫਿਰੋਜ਼ਪੁਰ ਇੰਸਪੈਕਟਰ ਜਸਵੀਰ ਸਿੰਘ ਅਤੇ ਪੁਲਸ ਪਾਰਟੀ ਨੂੰ ਹਸਪਤਾਲ ਭੇਜ ਦਿੱਤਾ ਜਿਨ੍ਹਾਂ ਨੇ ਵਿਜੇ ਤੁਲੀ ਦੇ ਬਿਆਨ ਦਰਜ ਕੀਤੇ ਅਤੇ ਲੁਟੇਰਿਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਲੁਟੇਰਿਆਂ ਨੂੰ ਜਲਦ ਫੜਨ ਲਈ ਕਾਰਵਾਈ ਕਰ ਰਹੀ ਹੈ। 
ਵਪਾਰ ਮੰਡਲ ਨੇ ਵਪਾਰੀਆਂ ਦੀ ਸਖਤ ਸੁਰੱਖਿਆ ਦੀ ਕੀਤੀ ਮੰਗ : ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਨੇ ਵਪਾਰੀਆਂ ਦੀ ਸੁਰੱਖਿਆ ਲਈ ਸਖਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਬਾਜ਼ਾਰਾਂ ਵਿਚ ਤਿਉਹਾਰਾਂ ਨੂੰ ਦੇਖਦੇ ਹੋਏ ਪੁਲਸ ਦੀ ਗਸ਼ਤ ਵਧਾਈ ਜਾਵੇ ਅਤੇ ਸ਼ਹਿਰ ਦੇ ਬਾਜ਼ਾਰਾਂ ਵਿਚ ਮੂੰਹ ਢੱਕ ਕੇ ਮੋਟਰਸਾਈਕਲ 'ਤੇ ਘੁੰਮਦੇ ਲੋਕਾਂ ਦੀ ਪਛਾਣ ਕੀਤੀ ਜਾਵੇ ਕਿਉਂਕਿ ਅਜਿਹੇ ਲੋਕ ਦਿਨ ਦੇ ਸਮੇਂ ਮੂੰਹ ਢੱਕ ਕੇ ਰੈਕੀ ਕਰਦੇ ਹਨ ਅਤੇ ਰਾਤ ਦੇ ਸਮੇਂ ਵਪਾਰੀਆਂ ਦੇ ਪਿੱਛੇ ਲੱਗ ਜਾਂਦੇ ਹਨ ਅਤੇ ਲੁੱਟ-ਖੋਹ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਤਵਾਦ ਦੇ ਸਮੇਂ ਵਿਚ ਸ਼ਹੀਦ ਹੋਏ ਵਪਾਰੀ ਆਗੂ ਦੇਵ ਰਤਨ ਤੁਲੀ ਦੇ ਬੇਟੇ ਵਿਜੇ ਤੁਲੀ 'ਤੇ ਹੋਏ ਇਸ ਜਾਨਲੇਵਾ ਹਮਲੇ ਦੀ ਫਿਰੋਜ਼ਪੁਰ ਦੇ ਵਪਾਰੀਆਂ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। 


Related News