ਮਹਿਲਾ ਹਵਾਲਾਤੀ ਨਾਲ ਛੇੜਛਾੜ ਦੇ ਦੋਸ਼ ''ਚ ਘਿਰਿਆ ਜੇਲ ਮੁਲਾਜ਼ਮ

06/27/2017 12:49:29 AM

ਨਾਭਾ(ਭੁਪਿੰਦਰ ਭੂਪਾ)-ਨਾਭਾ ਦੀ ਨਵੀਂ ਜ਼ਿਲਾ ਜੇਲ ਉਸ ਸਮੇਂ ਸੁਰਖੀਆਂ ਵਿਚ ਆ ਗਈ ਜਦੋਂ ਇਸ ਦੇ ਇਕ ਮੁਲਾਜ਼ਮ 'ਤੇ ਇੱਕ ਮਹਿਲਾ ਹਵਾਲਾਤੀ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਨਵੀਂ ਜ਼ਿਲਾ ਜੇਲ ਵਿਖੇ ਕਤਲ ਕੇਸ 'ਚ ਨਜ਼ਰਬੰਦ ਇੱਕ ਮਹਿਲਾ ਹਵਾਲਾਤੀ ਨੂੰ ਮੁਲਾਜ਼ਮ ਨੇ ਆਪਣੇ ਦਫਤਰ ਵਿਚ ਬੁਲਾਇਆ। ਮਹਿਲਾ ਨਾਲ ਮੁਲਾਜ਼ਮ ਨੇ ਅਸ਼ਲੀਲ ਛੇੜਛਾੜ ਕਰਦਿਆਂ ਸ਼ਰਾਬ ਦੀ ਆਫਰ ਵੀ ਕੀਤੀ। ਜਦੋਂ ਉਸਨੇ ਵਿਰੋਧ ਕਰਦਿਆਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮ ਨੇ ਉਸ ਨੂੰ ਬਾਂਹ ਤੋਂ ਫੜ ਕੇ ਚੁੰਨੀ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੀੜਤ ਮਹਿਲਾ ਹਵਾਲਾਤੀ ਆਪਣੀ ਬੈਰਕ ਵਿਚ ਜਾ ਕੇ ਕਾਫੀ ਸਮਾਂ ਰੋਂਦੀ ਰਹੀ। ਉਸ ਨੇ ਏ. ਡੀ. ਜੀ. ਪੀ. ਜੇਲ ਨੂੰ ਮੋਬਾਇਲ ਫੋਨ 'ਤੇ ਆਪਣੇ ਨਾਲ ਵਾਪਰੇ ਘਟਨਾਕ੍ਰਮ ਬਾਰੇ ਸ਼ਿਕਾਇਤ ਕੀਤੀ। ਸੂਤਰਾਂ ਅਨੁਸਾਰ ਏ. ਡੀ. ਜੀ. ਪੀ. ਨੇ ਇਸ ਘਟਨਾ ਸਬੰਧੀ ਆਈ. ਜੀ. ਨੂੰ ਜਾਂਚ ਕਰਨ ਲਈ ਕਿਹਾ। ਘਟਨਾ ਦੀ ਪੁਸ਼ਟੀ ਕਰਦਿਆਂ ਕਤਲ ਦੇ ਮਾਮਲੇ ਵਿਚ ਨਾਭਾ ਨਵੀਂ ਜ਼ਿਲਾ ਜੇਲ 'ਚ ਨਜ਼ਰਬੰਦ ਕਥਿਤ ਦੋਸ਼ਣ ਮਹਿਲਾ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੈਦੀਆਂ ਅਤੇ ਹਵਾਲਾਤੀਆਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਜੇਲ ਮੁਲਾਜ਼ਮ ਦੀ ਹੁੰਦੀ ਹੈ। ਉਸ ਦੀ ਕਲਾਇੰਟ ਨੇ ਮੁਲਾਕਾਤ ਦੌਰਾਨ ਉਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਜੇਲ ਮੁਲਾਜ਼ਮ ਦੀ ਇਸ ਨਿੰਦਣਯੋਗ ਘਟਨਾ ਖਿਲਾਫ ਅਸੀਂ ਡੀ. ਜੀ. ਪੀ. ਜੇਲਾਂ ਨੂੰ ਮੰਗਲਵਾਰ ਸ਼ਿਕਾਇਤ ਕਰਾਂਗੇ। ਲੋੜ ਪੈਣ 'ਤੇ ਮਾਣਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।
ਮੁਲਾਜ਼ਮ ਤੋਂ ਮਾਮਲੇ ਦੀ ਜਾਣਕਾਰੀ ਲਈ : ਆਈ. ਜੀ. ਰੂਪ ਕੁਮਾਰ
ਏ. ਡੀ. ਜੀ. ਪੀ. ਜੇਲਾਂ ਵੱਲੋਂ ਮਹਿਲਾ ਹਵਾਲਾਤੀ ਦੀ ਸ਼ਿਕਾਇਤ ਬਾਰੇ ਜਾਣਕਾਰੀ ਲੈਣ ਲਈ ਆਈ. ਜੀ. ਰੂਪ ਕੁਮਾਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਮਾਮਲੇ ਦੀ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੈਂ ਜੇਲ ਸੁਪਰਡੈਂਟ ਤੋਂ ਜਾਣਕਾਰੀ ਲੈ ਲਈ ਹੈ। ਅਜਿਹਾ ਕੁੱਝ ਨਹੀਂ ਵਾਪਰਿਆ।
ਜੇਲ ਮੁਲਾਜ਼ਮ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ ਆਪਣੇ 'ਤੇ ਲੱਗੇ ਮਹਿਲਾ ਹਵਾਲਾਤੀ ਨਾਲ ਕਥਿਤ ਛੇੜਛਾੜ ਦੇ ਦੋਸ਼ਾਂ ਦੇ ਨਕਾਰਿਦਆਂ ਜੇਲ ਮੁਲਾਜ਼ਮ ਨੇ ਮੋਬਾਇਲ 'ਤੇ ਦੱਸਿਆ ਕਿ ਸ਼ਨੀਵਾਰ ਨੂੰ ਹੀ ਮੈਨੂੰ ਆਈ. ਜੀ. ਸਾਹਿਬ ਦਾ ਫੋਨ ਆਇਆ ਸੀ। ਉਨ੍ਹਾਂ ਨੇ ਸ਼ਿਕਾਇਤ ਵਿਚ ਵਰਤੇ ਗਏ ਮੋਬਾਇਲ ਦਾ ਨੰਬਰ ਦੇ ਕੇ ਮੈਨੂੰ ਪਤਾ ਕਰਨ ਨੂੰ ਕਿਹਾ ਸੀ ਕਿ ਇਹ ਕਿੱਥੇ ਵਰਤਿਆ ਜਾ ਰਿਹਾ ਹੈ? ਇਹ ਮੋਬਾਇਲ ਫੋਨ ਜੇਲ 'ਚੋਂ ਐੈੱਸ. ਟੀ. ਡੀ. ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਬਾਰੇ ਮੈਂ ਆਈ. ਜੀ. ਸਾਹਿਬ ਨੂੰ ਦੱਸ ਦਿੱਤਾ ਸੀ। ਕਿਸੇ ਵੀ ਮਹਿਲਾ ਹਵਾਲਾਤੀ ਨਾਲ ਮੈਂ ਛੇੜਛਾੜ ਨਹੀਂ ਕੀਤੀ ਅਤੇ ਨਾ ਹੀ ਅਜਿਹੀ ਕੋਈ ਘਟਨਾ ਵਾਪਰੀ ਹੈ।


Related News