ਵਿਵਾਦ ਦੀ ਭੇਂਟ ਚੜ੍ਹਿਆ ਕ੍ਰਿਕਟ ਟੂਰਨਾਮੈਂਟ, ਨਿਕਲੇ ਗਡਾਂਸੇ

06/25/2017 6:55:34 PM

ਜਲਾਲਾਬਾਦ (ਸੇਤੀਆ) : ਪੰਜਾਬ ਸਪੋਰਟਸ ਕਲੱਬ ਵਲੋਂ ਸਥਾਨਕ ਅਨਾਜ ਮੰਡੀ ਵਿਚ ਆਯੋਜਿਤ ਕਾਸਕੋ ਨਾਈਟ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਵਿਵਾਦਾਂ ਦੀ ਭੇਂਟ ਚੜ੍ਹ ਗਿਆ। ਹਾਲਾਂਕਿ ਫਾਈਨਲ ਮੁਕਾਬਲੇ ਵਿਚ ਫਿਰੋਜ਼ਪੁਰ ਦੀ ਟੀਮ ਨੂੰ ਕਲੱਬ ਵਲੋਂ ਜੇਤੂ ਕਰਾਰ ਦੇ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਮੈਦਾਨ ਵਿਚ ਹੋਏ ਲੜਾਈ ਝਗੜੇ ਕਾਰਣ ਮੈਚ ਦੇਖਣ ਪਹੁੰਚੇ ਦਰਸ਼ਕਾਂ ਨੂੰ ਕਾਫੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਝਗੜੇ ਵਿਚ ਕੁੱਝ ਲੋਕਾਂ ਨਾਲ ਧੱਕਾ-ਮੁੱਕੀ ਵੀ ਹੋਈ ਅਤੇ ਡੰਡੇ ਸੋਟੀਆਂ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਨੂੰ ਆਮ ਲੋਕਾਂ ਨੇ  ਯੂ-ਟਿਊਬ 'ਤੇ ਵੀ ਦੇਖਿਆ।
ਜਾਣਕਾਰੀ ਅਨੁਸਾਰ ਦਰਸ਼ਕ ਫਾਈਨਲ ਮੁਕਾਬਲੇ ਦਾ ਆਨੰਦ ਲੈ ਰਹੇ ਸਨ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ। ਹਾਲਾਂਕਿ ਕਲੱਬ ਦੇ ਕੁੱਝ ਮੈਂਬਰਾਂ ਨੇ ਉਕਤ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਚ ਦੌਰਾਨ ਬੱਲੇਬਾਜ਼ੀ ਵਾਲੀ ਟੀਮ ਦੇ ਖਿਡਾਰੀ ਨੂੰ ਸੱਟਾ ਲੱਗਣ ਕਾਰਣ ਲੜਾਈ ਨੇ ਵੱਡਾ ਰੂਪ ਧਾਰਣ ਕਰ ਲਿਆ ਅਤੇ ਵੇਖਦੇ ਹੀ ਵੇਖਦੇ ਗੰਡਾਸੀਆਂ ਅਤੇ ਸੋਟੇ ਨਿਕਲਣੇ ਸ਼ੁਰੂ ਹੋ ਗਏ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਮੈਚ ਦੇ ਪ੍ਰਬੰਧਨ ਦੌਰਾਨ ਪੁਲਸ ਦੇ ਮਹਿਜ਼ ਚਾਰ ਜਾਂ ਪੰਜ ਕਰਮਚਾਰੀ ਡਿਊਟੀ ਨਿਭਾਅ ਰਹੇ ਸਨ। ਮਾਮਲਾ ਵਿਗੜਦਾ ਦੇਖ ਪੁਲਸ ਦੇ ਹੋਰ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਪਰ ਉਦੋਂ ਤੱਕ ਮੈਚ ਦਾ ਵਿਚਾਲੇ ਰੋਕ ਦਿੱਤਾ ਗਿਆ ਸੀ ਅਤੇ ਮਾਹੌਲ ਨੂੰ ਦੇਖਦੇ ਹੋਏ ਫਿਰੋਜ਼ਪੁਰ ਦੀ ਟੀਮ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।
ਉਧਰ ਮੈਚ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਾਈਨਲ ਮੁਕਾਬਲੇ ਦੌਰਾਨ ਲੋਕਲ ਟੀਮ ਮੈਚ ਹਾਰ ਰਹੀ ਸੀ ਅਤੇ ਉਨ੍ਹਾਂ ਨੂੰ ਜਿੱਤਣ ਲਈ 5 ਓਵਰਾਂ 'ਚ ਕਰੀਬ 90 ਰਨ ਚਾਹੀਦੇ ਸਨ। ਉਨ੍ਹਾਂ ਦੇ 5 ਬੱਲੇਬਾਜ਼ ਆਊਟ ਹੋ ਚੁੱਕੇ ਸਨ ਪਰ ਉਕਤ ਟੀਮ ਦੇ ਮੈਂਬਰ ਲਗਾਤਾਰ ਬਾਊਂਡਰੀ ਲਾਈਨ ਕ੍ਰਾਸ ਕਰਕੇ ਅੰਦਰ ਆ ਰਹੇ ਸਨ ਅਤੇ ਜਦ ਉਨ੍ਹਾਂ ਨੂੰ ਇਸ ਬਾਰੇ ਰੋਕਿਆ ਗਿਆ ਤਾਂ ਉਨ੍ਹਾਂ ਨੇ ਹਾਰ ਹੁੰਦੀ ਵੇਖ ਮੈਚ ਵਿਚ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਅਤੇ ਮਜਬੂਰਨ ਹਾਲਾਤ ਮੁਤਾਬਕ ਉਨ੍ਹਾਂ ਨੇ ਫਿਰੋਜ਼ਪੁਰ ਦੀ ਟੀਮ ਨੂੰ ਜੇਤੂ ਕਰਾਰ ਦੇ ਦਿੱਤਾ।


Related News