ਪਟਿਆਲਾ : ਅਰਬਨ ਅਸਟੇਟ ਪਟਾਕਾ ਮਾਰਕੀਟ 'ਚ ਲੱਗੀ ਅੱਗ, ਕਈ ਦੁਕਾਨਾਂ ਤੇ ਵਾਹਨ ਸੜ ਕੇ ਸੁਆਹ

10/18/2017 10:57:45 PM

ਪਟਿਆਲਾ (ਬਲਜਿੰਦਰ, ਲਖਵਿੰਦਰ)— ਸ਼ਹਿਰ ਦੇ ਪੌਸ਼ ਏਰੀਏ ਅਰਬਨ ਅਸਟੇਟ ਦੀ ਦੁਸਹਿਰਾ ਗਰਾਊਂਡ ਵਿਚ ਪਟਾਕਾ ਮਾਰਕੀਟ 'ਚ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਅਚਾਨਕ ਅੱਗ ਲੱਗ ਗਈ। ਇਸ ਨਾਲ ਮਾਰਕੀਟ ਵਿਚ ਲੱਗੀਆਂ ਇੱਕ ਦਰਜਨ ਦੇ ਲਗਭਗ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਨੇ ਆਸ-ਪਾਸ ਖੜ੍ਹੇ ਅੱਧੀ ਦਰਜਨ ਵਾਹਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਜਾਨੀ ਨੁਕਸਾਨ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਪੂਰੀ ਮਾਰਕੀਟ ਸੜ ਕੇ ਸੁਆਹ ਹੋ ਚੁੱਕੀ ਸੀ। 
ਉਥੇ ਪਿਆ ਲੱਖਾਂ ਰੁਪਏ ਦਾ ਪਟਾਕਾ ਅਤੇ ਹੋਰ ਸਾਮਾਨ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੈੱਸ. ਪੀ. ਸਿਟੀ-2 ਸੁਖਅੰਮ੍ਰਿਤ ਸਿੰਘ ਰੰਧਾਵਾ ਅਤੇ ਥਾਣਾ ਅਰਬਨ ਅਸਟੇਟ ਦੇ ਐੈੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਮਿਲੀ ਜਾਣਕਾਰੀ ਮੁਤਾਬਕ ਅੱਧਾ ਘੰਟਾ ਅੱਗ ਦਾ ਤਾਂਡਵ ਚੱਲਿਆ। ਥੇਹੜੀ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਪੁਲਸ ਨੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ। ਅੱਗ ਤੇਜ਼ ਵੀ ਇੰਨੀ ਸੀ ਕਿ ਪਟਾਕੇ ਫਟ ਕੇ ਆਸਪਾਸ ਖਿੱਲਰ ਰਹੇ ਸਨ।
ਰਿਹਾਇਸ਼ੀ ਇਲਾਕੇ ਤੋਂ ਦੂਰ ਹੋਣ ਕਰ ਕੇ ਹੋਇਆ ਬਚਾਅ
ਪਟਾਕਾ ਮਾਰਕੀਟ ਰਿਹਾਇਸ਼ੀ ਇਲਾਕੇ ਤੋਂ ਦੂਰ ਹੋਣ ਕਾਰਨ ਬਚਾਅ ਹੋ ਗਿਆ। ਅੱਗ ਕਾਫੀ ਉੱਚੀ ਗਈ। ਆਤਿਸ਼ਬਾਜ਼ੀਆਂ ਵੀ ਦਿਸ਼ਾਹੀਣ ਹੋ ਕੇ ਚੱਲੀਆਂ ਪਰ ਰਿਹਾਇਸ਼ੀ ਘਰ ਕੁਝ ਦੂਰ ਹੋਣ ਕਾਰਨ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਕੁੱਝ ਆਤਿਸ਼ਬਾਜ਼ੀਆਂ ਲੋਕਾਂ ਦੇ ਕੋਠਿਆਂ ਤੱਕ ਵੀ ਪਹੁੰਚੀਆਂ। ਚੰਗਿਆੜੀਆਂ ਕੁੱਝ ਦੂਰੀ 'ਤੇ ਸਥਿਤ ਮਾਰਕੀਟ ਤੱਕ ਵੀ ਪੁੱਜੀਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦੁਸਹਿਰਾ ਗਰਾਊਂਡ ਦੇ ਆਸ-ਪਾਸ ਰਿਹਾਇਸ਼ੀ ਇਲਾਕੇ ਹਨ ਪਰ ਦੂਰ ਹੋਣ ਕਾਰਨ ਬਚਾਅ ਹੋ ਗਿਆ। 
ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਅੱਗ ਕਿਸ ਕਾਰਨ ਲੱਗੀ, ਪੁਲਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅਨੁਮਾਨ ਫਿਲਹਾਲ ਸ਼ਾਰਟ ਸਰਕਟ ਦਾ ਲਾਇਆ ਜਾ ਰਿਹਾ ਹੈ। ਉਂਝ ਅੱਗ ਲੱਗਣ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ।


Related News