ਪਹਿਲਾਂ ਨੋਟਬੰਦੀ, ਫਿਰ ਜੀ.ਐੱਸ.ਟੀ. ਤੇ ਹੁਣ ਪਟਾਕਿਆਂ ''ਤੇ ਪਾਬੰਦੀ ਨੇ ਰੋਲ ਦਿੱਤੇ ਦੁਕਾਨਦਾਰ (ਤਸਵੀਰਾਂ)

10/17/2017 7:01:47 PM

ਕਾਠਗੜ੍ਹ(ਰਾਜੇਸ਼)— ਕੇਂਦਰ ਸਰਕਾਰ ਦੀਆਂ ਬੁਝਾਰਤਾਂ ਨੇ ਲੋਕਾਂ ਨੂੰ ਅਜਿਹੇ ਦੁਚਿੱਦੀ 'ਚ ਪਾਇਆ ਹੋਇਆ ਹੈ ਕਿ ਛੋਟੇ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ ਸਭ ਦੀ ਤੌਬਾ-ਤੌਬਾ ਹੋਈ ਪਈ ਹੈ। ਪਹਿਲਾਂ ਨੋਟਬੰਦੀ, ਫਿਰ ਜੀ. ਐੱਸ. ਟੀ. ਅਤੇ ਹੁਣ ਪਟਾਕਿਆਂ 'ਤੇ ਲਗਾਈ ਪਾਬੰਦੀ ਨੇ ਦੁਕਾਨਦਾਰਾਂ ਨੂੰ ਇਕ ਤਰਾਂ ਰੋਲ ਕੇ ਰੱਖ ਦਿੱਤਾ ਹੈ। ਨੋਟਬੰਦੀ ਨਾਲ ਜਿੱਥੇ ਲੋਕਾਂ ਦੀ ਖੱਜਲ-ਖੁਆਰੀ ਹੋਈ, ਉਥੇ ਹੀ ਕਾਰੋਬਾਰ ਅਤੇ ਕੰਮ-ਧੰਦੇ ਵੀ ਪ੍ਰਭਾਵਿਤ ਹੋਏ ਅਤੇ ਬੇਰੋਜ਼ਗਾਰੀ ਵੀ ਵਧੀ। ਅਜੇ ਨੋਟਬੰਦੀ ਦੀ ਮਾਰ ਤੋਂ ਲੋਕ ਉਠੇ ਨਹੀਂ ਸਨ ਕਿ ਕੇਂਦਰ ਦੀ ਜੀ. ਐੱਸ. ਟੀ. ਮਾਰ ਪੂਰਾ ਦੇਸ਼ ਝੱਲ ਰਿਹਾ ਹੈ। ਦੁਕਾਨਦਾਰਾਂ ਲੋਕਾਂ ਦੀ ਜੀ. ਐੱਸ. ਟੀ. ਦੇ ਨਾਂ 'ਤੇ ਇੰਨੀ ਲੁੱਟ-ਖਸੁੱਟ ਕਰ ਰਹੇ ਹਨ ਕਿ ਉਹ ਜਿਨ੍ਹਾਂ ਚੀਜਾਂ 'ਤੇ ਜੀ. ਐੱਸ. ਟੀ. ਲੱਗੀ ਨਹੀਂ ਹੈ, ਉਨਾਂ 'ਤੇ ਵੀ ਜੀ. ਐੱਸ. ਟੀ. ਲਗਾ ਕੇ ਆਪਣੇ ਕੋਲੋਂ ਰੇਟ ਵਧਾ ਕੇ ਵੇਚੀ ਜਾਂਦੇ ਹਨ ਅਤੇ ਨਾ ਹੀ ਬਿੱਲ ਦਿੰਦੇ ਹਨ। ਕਿਸੇ ਨੂੰ ਕੁਝ ਨਹੀਂ ਪਤਾ ਜੀ. ਐੱਸ. ਟੀ. ਬਾਰੇ ਕਿਸ 'ਤੇ ਹੈ ਅਤੇ ਕਿਸ ਚੀਜ਼ 'ਤੇ ਨਹੀਂ। ਦੂਜੇ ਪਾਸੇ ਜੀ. ਐੱਸ. ਟੀ. ਲੱਗਣ ਨਾਲ ਸਾਰੀਆਂ ਵਸਤੂਆਂ ਦੇ ਭਾਅ ਲਗਭਗ ਵੱਧ ਚੁੱਕੇ ਹਨ ਜੋ ਕਿ ਮਹਿੰਗਾਈ ਦੀ ਮਾਰ ਝੱਲ ਰਹੇ ਗਰੀਬ ਲੋਕਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਵਸਤੂਆਂ ਉਨਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ। 

PunjabKesari

ਹੁਣ ਥੋੜ੍ਹੇ ਦਿਨ ਪਹਿਲਾਂ ਦੀਵਾਲੀ ਮੌਕੇ ਪਟਾਕਿਆਂ 'ਤੇ ਲੱਗੀ ਪਾਬੰਦੀ ਨੇ ਛੋਟੇ ਅਤੇ ਵੱਡੇ ਦੁਕਾਨਦਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਲੱਖਾਂ ਰੁਪਏ ਲਗਾ ਕੇ ਦੀਵਾਲੀ ਮੌਕੇ ਵੇਚਣ ਲਈ ਰੱਖੇ ਪਟਾਕਿਆਂ ਦੀ ਵਿਕਰੀ ਨਾ ਹੋਣ ਕਾਰਨ ਜਿੱਥੇ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਹੋਵੇਗਾ, ਉਥੇ ਹੀ ਸਟੋਰ ਕਰਕੇ ਰੱਖਣ ਨਾਲ ਵੱਡੇ ਹਾਦਸਿਆਂ ਦਾ ਡਰ ਵੀ ਸਤਾਉਂਦਾ ਹੈ। ਪਟਾਕਿਆਂ 'ਤੇ ਲਗਾਈ ਪਬੰਦੀ ਬਾਰੇ ਸਮਾਜ ਸੇਵੀ ਚੌਧਰੀ ਸੁਰਜੀਤ ਭਾਟੀਆ ਗੋਲੂ ਮਾਜਰਾ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਇਹ ਚੰਗਾ ਕਦਮ ਹੈ ਪਰ ਇਹ ਪਾਬੰਦੀ ਘੱਟੋ-ਘੱਟ 6 ਮਹੀਨੇ ਪਹਿਲਾਂ ਲਗਾਈ ਜਾਣੀ ਚਾਹੀਦੀ ਸੀ ਕਿਉਂਕਿ ਹੁਣ ਤਾਂ ਦੁਕਾਨਦਾਰਾਂ ਨੇ ਲੱਖਾਂ ਰੁਪਏ ਖਰਚ ਕੇ ਪਟਾਕੇ ਖਰੀਦੇ ਹੋਏ ਹਨ। ਉਨ੍ਹਾਂ ਕਿਹਾ ਦੁਕਾਨਦਾਰ ਤਾਂ ਪਹਿਲਾਂ ਹੀ ਨੋਟਬੰਦੀ ਅਤੇ ਜੀ. ਐੱਸ. ਟੀ. ਦੀ ਮਾਰ ਝੱਲ ਰਹੇ ਹਨ ਹੁਣ ਪਟਾਕਿਆਂ 'ਤੇ ਪਾਬੰਦੀ ਨਾਲ ਦੁਕਾਨਦਾਰਾਂ ਦੀ ਹਾਲਤ ਹੋਰ ਵੀ ਮਾੜੀ ਹੋ ਗਈ।

PunjabKesari

ਇਸ ਸਬੰਧ 'ਚ ਪੰਡਤ ਦੇਵ ਰਾਜ ਮੁੱਤੋਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਭਗਵਾਨ ਰਾਮ ਚੰਦਰ ਜੀ ਦੇ ਬਨਵਾਸ ਕੱਟਣ ਉਪਰੰਤ ਵਾਪਸ ਅਯੁੱÎਧਿਆ ਪਰਤਣ ਦੀ ਖੁਸ਼ੀ 'ਚ ਮਨਾਏ ਜਾਂਦੇ ਇਸ ਦੀਵਾਲੀ ਦੇ ਤਿਉਹਾਰ ਨੂੰ ਵੱਡੇ ਅਤੇ ਬੱਚੇ ਮਨਾਉਂਦੇ ਹਨ। ਪਟਾਕੇ ਅਤੇ ਦੀਵੇ ਜਲਾਉਂਦੇ ਹਨ ਪਰ ਪਟਾਕਿਆਂ 'ਤੇ ਪਬੰਦੀ ਕਾਰਨ ਦੀਵਾਲੀ ਸੁੰਨੀ ਜਾਪਦੀ ਹੈ। 
ਪਟਾਕਿਆਂ 'ਤੇ ਲਗਾਈ ਪਬੰਦੀ ਤਾਂ ਚੰਗੀ ਗੱਲ ਹੈ ਪਰ ਸਰਕਾਰ ਅਤੇ ਅਦਾਲਤਾਂ ਨੂੰ ਚਾਹੀਦਾ ਹੈ ਕਿ ਜਦੋਂ ਪਤਾ ਹੀ ਹੈ ਕਿ ਦੀਵਾਲੀ 'ਤੇ ਪਟਾਕਿਆਂ ਨਾਲ ਪ੍ਰਦੂਸ਼ਣ ਹੁੰਦਾ ਹੈ ਤਾਂ ਪਟਾਕੇ ਤਿਆਰ ਕਰਨ ਵਾਲੀਆਂ ਫੈਕਟਰੀਆਂ 'ਤੇ ਹੀ ਪਾਬੰਦੀ ਲਗਾਈ ਜਾਵੇ, ਜਿਸ ਨਾਲ ਨਾ ਪਟਾਕੇ ਬਣਾਏ ਜਾਣ ਅਤੇ ਨਾ ਹੀ ਵਜਾਏ ਜਾਣ। ਦੂਜੇ ਪਾਸੇ ਕਰੋੜਾਂ ਰੁਪਏ ਨਾਲ ਖਰੀਦ ਕੀਤੇ ਪਟਾਕਿਆਂ ਨੂੰ ਦੁਕਾਨਦਾਰ ਕਿਥੇ ਸੁੱਟਣ। ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਇਕ ਦਿਨ ਪਟਾਕਿਆਂ 'ਤੇ ਰੋਕ ਲਗਾ ਕੇ ਪ੍ਰਦੂਸ਼ਣ ਕੰਟਰੋਲ ਹੋਣ ਵਾਲਾ ਨਹੀਂ ਜਿੱਥੋਂ ਪ੍ਰਦੂਸ਼ਣ ਹਰ ਦਿਨ ਫੈਲਦਾ ਹੈ ਉਧਰ ਤਾਂ ਸਬੰਧਤ ਮਹਿਕਮਿਆਂ ਦਾ ਧਿਆਨ ਤਾਂ ਜਾਂਦਾ ਹੀ ਨਹੀਂ।


Related News