ਪਾਦਰੀ ਦੇ ਕਤਲ ਤੋਂ ਬਾਅਦ ਪੁਲਸ ਨੇ ਜਾਰੀ ਕੀਤੇ ਨਵੇਂ ਹੁਕਮ, ਲੁਧਿਆਣਾ ਸ਼ਹਿਰ ਵਿਚ ਅੱਜ ਤੋਂ ਇਸ ਗੱਲ ''ਤੇ ਰੋਕ

07/23/2017 12:10:57 PM

ਲੁਧਿਆਣਾ— ਸ਼ਹਿਰ ਵਿਚ ਪਾਦਰੀ ਸੁਲਤਾਨ ਮਸੀਹ ਦੇ ਕਤਲ ਤੋਂ ਬਾਅਦ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਸਖਤੀ ਕਰਦੇ ਹੋਏ ਲੋਕਾਂ ਨੂੰ ਵਾਹਨ ਚਲਾਉਂਦੇ ਜਾਂ ਪਿੱਛੇ ਬੈਠਦੇ ਸਮੇਂ ਮੂੰਹ ਨਾ ਢਕਣ ਦੀ ਹਦਾਇਤ ਜਾਰੀ ਕੀਤੀ ਹੈ। ਇਹ ਹਦਾਇਤ ਪਾਦਰੀ ਦੇ ਕਤਲ ਵਿਚ ਸ਼ਾਮਲ ਅਪਰਾਧੀਆਂ ਦੇ ਘਟਨਾ ਸਮੇਂ ਮੂੰਹ ਢਕੇ ਹੋਣ ਕਰਕੇ ਜਾਰੀ ਕੀਤੀ ਗਈ ਹੈ। ਇਸ ਅਧੀਨ ਅੱਜ ਤੋਂ ਹੀ ਪੁਲਸ ਕਮਿਸ਼ਨਰੇਟ ਦੇ ਅਧੀਨ ਵੱਖ-ਵੱਖ ਥਾਣਾ ਪੁਲਸ ਨੇ ਅੱਜ ਅਜਿਹੇ ਬਾਈਕ ਸਵਾਰਾਂ ਖਿਲਾਫ ਐੱਫ. ਆਈ. ਆਰ. ਦਰਜ ਕਰਨੀ ਸ਼ੁਰੂ ਕਰ ਦਿੱਤੀ, ਜੋ ਮੂੰਹ 'ਤੇ ਕੱਪੜਾ ਬੰਨ੍ਹ ਕੇ ਬਾਈਕ ਚਲਾ ਰਹੇ ਸਨ। ਪਰਚਾ ਦਰਜ ਕਰਨ ਵਾਲੇ ਪੁਲਸ ਥਾਣਿਆਂ ਵਿਚ ਡਵੀਜਨ ਨੰਬਰ ਤਿੰਨ, ਸਲੀਮ ਟਾਬਰੀ ਵੀ ਸ਼ਾਮਲ ਹਨ। 
ਦੱਸਿਆ ਜਾ ਰਿਹਾ ਹੈ ਕਿ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਸਾਰੇ ਐੱਸ. ਐੱਚ. ਓ. ਨੂੰ ਅਜਿਹੇ ਵਾਹਨ ਚਾਲਕਾਂ ਨਾਲ ਸਖਤਾਈ ਵਰਤਦੇ ਹੋਏ ਐੱਫ. ਆਈ. ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਪੁਲਸ ਸਟੇਸ਼ਨ ਦੇ ਮੁਖੀ ਨੂੰ ਘੱਟ ਤੋਂ ਘੱਟ ਅਜਿਹੇ ਦੋ ਪਰਚੇ ਜ਼ਰੂਰ ਕਰਨ ਨੂੰ ਕਿਹਾ ਹੈ ਤਾਂ ਜੋ ਲੋਕਾਂ ਤੱਕ ਇਹ ਸੰਦੇਸ਼ ਜਾ ਸਕੇ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਾਦਰੀ ਦੇ ਕਤਲ ਤੋਂ ਬਾਅਦ ਜਿੰਨੀਆਂ ਵੀ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਈਆਂ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਫੁਟੇਜ਼ ਵਿਚ ਅਪਰਾਧੀ ਬਾਈਕ 'ਤੇ ਮੂੰਹ 'ਤੇ ਕੱਪੜਾ ਬੰਨ੍ਹੇ ਹੋਏ ਦਿਖਾਈ ਦਿੱਤੇ। ਹਾਲਾਂਕਿ ਪੁਲਸ ਵੱਲੋਂ ਸ਼ਹਿਰ ਵਿਚ ਨਾਕਾਬੰਦੀ ਕੀਤੀ ਹੋਈ ਹੈ ਪਰ ਆਮ ਵਾਹਨ ਚਾਲਕਾਂ ਵੱਲੋਂ ਵੀ ਬਾਈਕ ਚਲਾਉਂਦੇ ਹੋਏ ਮੂੰਹ 'ਤੇ ਕੱਪੜਾ ਬੰਨ੍ਹਣ ਕਾਰਨ ਅਪਰਾਧੀ ਬਚ ਕੇ ਨਿਕਲਣ ਵਿਚ ਸਫਲ ਹੋ ਜਾਂਦਾ ਹੈ। ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਪੁਲਸ ਦੇ ਸਹਿਯੋਗ ਦੀ ਅਪੀਲ ਕਰਦੇ ਹੋਏ ਬਾਈਕ ਚਲਾਉਂਦੇ ਹੋਏ ਮੂੰਹ 'ਤੇ ਕੱਪੜਾ ਨਾ ਬੰਨ੍ਹਣ ਦੀ ਅਪੀਲ ਕੀਤੀ ਹੈ ਅਤੇ ਅਜਿਹਾ ਨਾ ਕਰਨ 'ਤੇ ਐੱਫ. ਆਈ. ਆਰ. ਦਰਜ ਹੋਣ ਦੀ ਚਿਤਾਵਨੀ ਦਿੱਤੀ ਹੈ।


Related News