ਡੇਰਾ ਮੁਖੀ ਖਿਲਾਫ ਅਦਾਲਤ ਦੇ ਫੈਸਲੇ ਨੂੰ ਲੈ ਕੇ ਪੁਲਸ ਨੇ ਕੀਤੇ ਸੁਰੱਖਿਆ ਪ੍ਰਬੰਧ ਮਜ਼ਬੂਤ

08/17/2017 3:01:42 PM


ਮੋਗਾ(ਆਜ਼ਾਦ) - ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਸਿੰਘ ਰਾਮ ਰਹੀਮ ਇੰਸਾ ਦੇ ਖਿਲਾਫ ਮਾਣਯੋਗ ਸੀ. ਬੀ. ਆਈ. ਅਦਾਲਤ ਪੰਚਕੂਲਾ 'ਚ ਚੱਲ ਰਹੇ ਅਪਰਾਧਿਕ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਅੱਜ ਮੋਗਾ ਪੁਲਸ ਵੱਲੋਂ ਵੀ ਕੋਟਕਪੂਰਾ ਬਾਈਪਾਸ 'ਤੇ ਸਥਿਤ ਡੇਰਾ ਸੱਚਾ ਸੌਦਾ ਦੇ ਆਸ-ਪਾਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਦਿਆਂ ਡੇਰੇ ਨੂੰ ਆਉਣ-ਜਾਣ ਵਾਲੇ ਰਸਤਿਆਂ 'ਤੇ ਬੈਰੀਕੇਡ ਲਾਉਂਦੇ ਹੋਏ ਇਲਾਕੇ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਸ਼ਰਾਰਤੀ ਅਨਸਰ ਕਾਨੂੰਨ ਵਿਸਵਥਾ ਨੂੰ ਹੱਥ 'ਚ ਲੈ ਕੇ ਹੁੱਲੜਬਾਜ਼ੀ ਨਾ ਕਰ ਸਕੇ ਅਤੇ ਕਿਸੇ ਵੀ ਸਰਕਾਰੀ ਜਾਂ ਆਮ ਲੋਕਾਂ ਦੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚ ਸਕੇ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਆਈ. ਵਜ਼ੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮੋਗਾ ਦੀ ਅਗਵਾਈ 'ਚ ਅੱਜ ਡੇਰਾ ਸੱਚਾ ਸੌਦਾ ਦੇ ਬਾਹਰ ਐੱਸ. ਪੀ. (ਐੱਚ.) ਬਲਵੀਰ ਸਿੰਘ, ਡੀ. ਐੱਸ. ਪੀ. ਐੱਚ. ਬਲਵਿੰਦਰ ਸਿੰਘ, ਡੀ. ਐੱਸ. ਪੀ. ਸਿਟੀ ਗੋਬਿੰਦਰ ਸਿੰਘ, ਡੀ. ਐੱਸ. ਪੀ. ਆਈ. ਸਰਬਜੀਤ ਸਿੰਘ ਬਾਹੀਆ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ, ਥਾਣਾ ਸਿਟੀ ਸਾਊਥ ਦੇ ਇੰਚਾਰਜ ਦਿਲਬਾਗ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਤੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਡੇਰੇ ਦੇ ਆਸ-ਪਾਸ ਤਾਇਨਾਤ ਕੀਤਾ ਗਿਆ ਹੈ, ਜਿਸ ਵਿਚ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਕਿਊ. ਆਰ. ਟੀ. ਟੀਮ ਦੀ ਵਿਸ਼ੇਸ਼ ਨਿਯੁਕਤੀ ਕੀਤੀ ਗਈ ਹੈ, ਜੋ ਡੇਰੇ ਨੂੰ ਆਉਣ-ਜਾਣ ਵਾਲੇ ਰਸਤਿਆਂ ਅਤੇ ਆਮ ਲੋਕਾਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ।  ਪੁਲਸ ਮੁਲਾਜ਼ਮਾਂ ਅਨੁਸਾਰ ਬੁੱਧਵਾਰ ਦੀ ਦੁਪਹਿਰ ਨੂੰ ਅਚਾਨਕ ਪੰਜਾਬ ਅਤੇ ਹਰਿਆਣਾ 'ਚ ਹਾਈ ਅਲਰਟ ਦਾ ਐਲਾਨ ਹੋਣ 'ਤੇ ਮੋਗਾ ਪੁਲਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਤਾਇਨਾਤ ਉੱਚ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਵੱਲੋਂ ਸ਼ਹਿਰੀ ਪ੍ਰਾਪਰਟੀ ਦਾ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਗਿਆ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਅੱਜ ਡੇਰਾ ਪ੍ਰੇਮੀਆਂ ਨੇ ਕੋਟਕਪੂਰਾ ਬਾਈਪਾਸ 'ਤੇ ਸਥਿਤ ਨਾਮ ਚਰਚਾ ਘਰ ਚਿਵ ਸ਼ਾਂਤੀਪੂਰਵਕ ਸਤਿਸੰਗ 'ਚ ਨਾਮ ਚਰਚਾ ਕੀਤੀ ਗਈ। ਇਸ ਮੌਕੇ ਇਕ ਡੇਰਾ ਪ੍ਰੇਮੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੇ ਗੁਰੂ ਨਾਲ ਕਿਸੇ ਤਰ੍ਹਾਂ ਦੀ ਬੇ-ਇਨਸਾਫੀ ਕੀਤੀ ਤਾਂ ਸਾਰੇ ਡੇਰਾ ਪ੍ਰੇਮੀ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹਨ।  ਜਾਣਕਾਰੀ ਅਨੁਸਾਰ ਡੇਰਾ ਮੁਖੀ ਖਿਲਾਫ ਚੱਲ ਰਹੇ ਮਾਮਲੇ ਦੀ ਸੁਣਵਾਈ (ਅੱਜ) 17 ਅਗਸਤ ਨੂੰ ਹੋ ਰਹੀ ਹੈ।  ਇਸੇ ਤਰ੍ਹਾਂ ਬਾਘਾਪੁਰਾਣਾ 'ਚ ਵੀ ਅੱਜ ਪੁਲਸ ਵੱਲੋਂ ਇਲਾਕੇ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਅਤੇ ਆਉਣ-ਜਾਣ ਵਾਲੇ ਰਸਤਿਆਂ 'ਤੇ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ।


Related News