ਮੋਗਾ ਦੀ ਅਦਾਲਤ ''ਚ ਵਾਪਰੀ ਹੈਰਾਨ ਕਰਦੀ ਘਟਨਾ, ਸੁਰੱਖਿਆ ਘੇਰੇ ਨੂੰ ਤੋੜਕੇ ਹੋਈ ਵਾਰਦਾਤ

12/11/2017 6:57:27 PM

ਮੋਗਾ (ਪਵਨ ਗਰੋਵਰ, ਆਜ਼ਾਦ) : ਸੂਬੇ ਭਰ ਵਿਚ ਬੇਸ਼ੱਕ ਚੋਰੀ ਦੀਆਂ ਘਟਨਾਵਾਂ ਅਕਸਰ ਸੁਨਣ ਅਤੇ ਦੇਖਣ ਨੂੰ ਮਿਲਦੀਆਂ ਹਨ ਪਰ ਜੇਕਰ ਕਿਸੇ ਅਦਾਲਤ ਵਿਚ ਹੀ ਚੋਰੀ ਦੀ ਗੱਲ ਸਾਹਮਣੇ ਆਵੇ ਤਾਂ ਸੁਨਣ ਵਾਲੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਅਜਿਹਾ ਹੀ ਮਾਮਲਾ ਮੋਗਾ ਜ਼ਿਲੇ ਦੇ ਅਦਾਲਤੀ ਕੰਪਲੈਕਸ ਵਿਚ ਸਾਹਮਣੇ ਆਇਆ ਹੈ ਜਿੱਥੇ ਇਕ ਜੱਜ ਦੀ ਅਦਾਲਤ ਵਿਚੋਂ ਚੋਰਾਂ ਨੇ ਵੀਡੀਓ ਕਾਨਫਰੈਂਸਿੰਗ ਲਈ ਲਗਾਈ ਐੱਲ.ਈ. ਡੀ. ਚੋਰੀ ਕਰ ਲਈ। ਮੋਗਾ ਅਦਾਲਤ ਕੰਪਲੈਕਸ ਦੇ ਦੋ ਗੇਟ ਹਮੇਸ਼ਾ ਹੀ ਰਾਤ ਸਮੇਂ ਬੰਦ ਰਹਿੰਦੇ ਹਨ ਅਤੇ ਅਕਸਰ ਉਥੇ ਪੁਲਸ ਮੁਲਾਜ਼ਮਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ।
ਜੇ. ਐੱਮ. ਆਈ. ਸੀ. ਮੈਡਮ ਸ਼ਿਲਪਾ ਦੀ ਅਦਾਲਤ ਵਿਚ ਕੰਮ ਕਰਦੇ ਕਲਰਕ ਸੋਰਭ ਗੋਇਲ ਨੇ ਪੁਲਸ ਨੂੰ ਲਿਖਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਉਕਤ ਅਦਾਲਤ ਵਿਚ ਬਤੌਰ ਕਲਰਕ ਤਾਇਨਾਤ ਹੈ ਅਤੇ ਜਦੋਂ ਸੋਮਵਾਰ ਸਵੇਰੇ ਉਹ ਅਦਾਲਤ ਵਿਚ ਗਿਆ ਤਾਂ ਪਤਾ ਲੱਗਾ ਕਿ ਅਦਾਲਤੀ ਕੰਪੈਲਕਸ ਵਿਚ ਲੱਗੀ ਐੱਲ. ਈ. ਡੀ. ਗਾਇਬ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਗੰਭੀਰ ਕਿਸਮ ਦੇ ਅਪਰਾਧੀਆਂ ਦੀ ਵੀਡੀਓ ਕਾਨਫਰਂੈਸਿੰਗ ਰਾਹੀਂ ਪੇਸ਼ੀ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਸਾਰੀਆਂ ਅਦਾਲਤਾਂ ਵਿਚ ਐੱਲ. ਡੀ. ਈ. ਸਕਰੀਨਾਂ ਲਗਾਈਆਂ ਗਈਆਂ ਸਨ। ਉਧਰ ਦੂਜੇ ਪਾਸੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਨਸਾਫ ਦੇ ਮੰਦਰ 'ਚ ਹੋਈ ਚੋਰੀ ਨੂੰ ਲੱਭਣ ਲਈ ਮੋਗਾ ਪੁਲਸ ਕਾਮਯਾਬ ਹੁੰਦੀ ਹੈ ਜਾਂ ਨਹੀਂ।


Related News