ਪਹਿਲਾਂ ਨੋਟਬੰਦੀ, ਫਿਰ ਜੀ. ਐੱਸ. ਟੀ. ਅਤੇ ਹੁਣ ''ਪਟਾਕਾਬੰਦੀ'' ਨੇ ਵਪਾਰੀ ਵਰਗ ਦੀ ਕੱਢੀ ਜਾਨ

10/18/2017 10:41:16 AM

ਗੁਰਦਾਸਪੁਰ (ਵਿਨੋਦ) - ਦੇਸ਼ ਭਰ 'ਚ ਨੋਟਬੰਦੀ ਦਾ ਅਸਰ ਇਸ ਦੀਵਾਲੀ 'ਚ ਜ਼ਰੂਰਤ ਤੋਂ ਜ਼ਿਆਦਾ ਦਿਖਾਈ ਦੇ ਰਿਹਾ ਹੈ। ਨੋਟਬੰਦੀ ਕਾਰਨ ਇਲੈਕ੍ਰਟਾਨਿਕ ਕੰਪਨੀਆਂ ਨੇ ਜ਼ੀਰੋ ਫਾਇਨਾਂਸ ਯੋਜਨਾ ਸ਼ੁਰੂ ਕਰ ਰੱਖੀ ਹੈ। ਖਾਲੀ ਹੱਥ ਆਉ ਅਤੇ ਆਪਣੀ ਮਰਜ਼ੀ ਦੀਆਂ ਚੀਜ਼ਾਂ ਜ਼ੀਰੋ ਫੀਸਦੀ ਫਾਇਨਾਂਸ ਸਕੀਮ ਅਧੀਨ ਖਰੀਦ ਕੇ ਲੈ ਜਾਓ। ਗਾਹਕ ਨੇ ਕੁਝ ਨਹੀਂ ਦੇਣਾ ਹੁੰਦਾ ਬੱਸ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਕਿਸ਼ਤਾਂ ਬਣਵਾ ਕੇ ਸਾਮਾਨ ਘਰ ਲੈ ਜਾਣਾ ਹੁੰਦਾ ਹੈ ਪਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸਕੀਮ ਨਾਲ ਜ਼ਿਆਦਾਤਰ ਕਰਜ਼ਾ ਲੈਣ ਵਾਲੇ ਡਿਫਲਾਟਰ ਹੋ ਜਾਣਗੇ ਅਤੇ ਸਾਡੀ ਦੁਕਾਨਦਾਰੀ ਵੀ ਖਰਾਬ ਹੋ ਜਾਵੇਗੀ। 
ਨੋਟਬੰਦੀ ਦੇ ਕਾਰਨ ਲੋਕਾਂ ਦੇ ਕੋਲ ਪੈਸਾ ਨਹੀਂ ਹੈ। ਜੋ ਗਾਹਕ ਨਕਦ ਪੈਸੇ ਖਰਚ ਕਰ ਕੇ ਸਾਮਾਨ ਖਰੀਦਣਾ ਚਾਹੁੰਦਾ ਹੈ ਉਹ ਜੀ. ਐੱਸ. ਟੀ. ਦੇ ਕਾਰਨ ਰੋਂਦਾ ਹੈ ਅਤੇ ਜੋ ਬਿਨਾਂ ਪੈਸੇ ਦਿੱਤੇ ਸਾਮਾਨ ਖਰੀਦਦਾ ਹੈ ਉਹ ਨਾ ਤਾਂ ਕਰਜ਼ੇ ਤੋਂ ਡਰਦਾ ਹੈ ਅਤੇ ਨਾ ਹੀ ਜੀ. ਐੱਸ. ਟੀ. ਤੋਂ।ਇਲੈਕਟ੍ਰਾਨਿਕ ਸਾਮਾਨ ਵੇਚਣ ਵਾਲੇ ਮਾਲਕਾਂ ਅਨੁਸਾਰ ਬੀਤੇ ਸਾਲਾਂ ਵਿਚ ਇਨ੍ਹਾਂ ਦਿਨਾਂ ਵਿਚ ਸਾਨੂੰ ਖਾਣਾ ਖਾਣ ਦੀ ਫੁਰਸਤ ਨਹੀਂ ਮਿਲਦੀ ਸੀ। ਗੋਦਾਮਾਂ 'ਚ ਪਿਆ ਮਾਲ ਦੀਵਾਲੀ ਤੋਂ ਪਹਿਲਾਂ ਹੀ ਵਿਕ ਜਾਂਦਾ ਸੀ। ਹੁਣ ਗਾਹਕਾਂ ਦੇ ਕੋਲ ਪੈਸੇ ਹੀ ਨਹੀਂ ਹਨ ਅਤੇ ਪੰਜਾਬ ਵਿਚ ਤਾਂ ਵੈਸੇ ਹੀ ਕਰਮਚਾਰੀਆਂ ਨੂੰ ਤਨਖ਼ਾਹ ਸਮੇਂ 'ਤੇ ਨਾ ਮਿਲਣ ਕਾਰਨ ਦੀਵਾਲੀ ਫਿੱਕੀ ਰਹੇਗੀ ਅਤੇ ਵਪਾਰੀਆਂ ਦੇ ਗੋਦਾਮਾਂ ਵਿਚ ਪਿਆ ਸਾਮਾਨ ਵਿਆਜ ਦੀ ਮਾਰ ਸਹਿ ਨਹੀਂ ਸਕੇਗਾ।
3 ਕਾਰਨਾਂ ਕਰਕੇ ਦੀਵਾਲੀ 'ਚ ਕਈ ਕਾਰੋਬਾਰੀਆਂ ਦਾ ਦਿਵਾਲਾ ਨਿਕਲੇਗਾ : ਦਰਸ਼ਨ ਮਹਾਜਨ
ਗੁਰਦਾਸਪੁਰ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਦੇ ਅਨੁਸਾਰ ਨੋਟਬੰਦੀ ਅਤੇ ਜੀ. ਐੱਸ. ਟੀ. ਨੇ ਦੁਕਾਨਦਾਰਾਂ ਦਾ ਜੀਣਾ ਹਰਾਮ ਤਾਂ ਪਹਿਲਾਂ ਹੀ ਕਰ ਦਿੱਤਾ ਸੀ। ਕੁਝ ਸਮੇਂ ਤੋਂ ਚੀਨੀ ਸਾਮਾਨ ਨਾ ਵੇਚਣ ਦਾ ਜੋ ਪ੍ਰਚਾਰ ਚਲ ਰਿਹਾ ਹੈ, ਉਸ ਕਾਰਨ ਲੋਕਾਂ ਨੇ ਚੀਨੀ ਸਾਮਾਨ ਤਾਂ ਨਹੀਂ ਖਰੀਦਿਆਂ ਪਰ ਸਵਦੇਸ਼ੀ ਸਾਮਾਨ ਤਾਂ ਦੀਵਾਲੀ ਦੀ ਮੰਗ ਅਨੁਸਾਰ ਖਰੀਦ ਕੇ ਗੋਦਾਮਾਂ ਵਿਚ ਭਰਿਆ ਹੋਇਆ ਹੈ। ਸਵਦੇਸ਼ੀ ਸਾਮਾਨ ਚੀਨ ਦੇ ਸਾਮਾਨ ਤੋਂ ਮਹਿੰਗਾ ਮਿਲਦਾ ਹੈ।ਇਸ ਦੇ ਬਾਵਜੂਦ ਲੋਕਾਂ ਨੇ ਅਰਬਾਂ ਰੁਪਏ ਦਾ ਪਟਾਕਾ ਗੋਦਾਮਾਂ ਵਿਚ ਭਰਿਆ ਹੋਇਆ ਹੈ ਪਰ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਅਨੁਸਾਰ ਪਟਾਕਾ ਵੇਚਣ ਅਤੇ ਚਲਾਉਣ 'ਤੇ ਲੱਗੀ ਪਾਬੰਦੀ ਨੇ ਵਪਾਰੀ ਵਰਗ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਹਰ ਵਪਾਰੀ ਸਾਰਾ ਸਾਲ ਦੀਵਾਲੀ ਦਾ ਇੰਤਜ਼ਾਰ ਕਰਦਾ ਹੈ ਅਤੇ ਕੁਝ ਦੁਕਾਨਦਾਰ ਦੀਵਾਲੀ 'ਤੇ ਹੀ ਸਾਰੇ ਸਾਲ ਦੀ ਕਮਾਈ ਕਰਕੇ ਪਰਿਵਾਰ ਚਲਾਉਂਦੇ ਹਨ ਪਰ ਜਿਸ ਤਰ੍ਹਾਂ ਨਾਲ ਜ਼ਿਲਾ ਪ੍ਰਸ਼ਾਸਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ 'ਤੇ ਪਟਾਕਾ ਕਾਰੋਬਾਰ 'ਤੇ ਰੋਕ ਲਾ ਰਿਹਾ ਹੈ ਉਸ ਤੋਂ ਸਪਸ਼ੱਟ ਹੁੰਦਾ ਹੈ ਕਿ ਦੀਵਾਲੀ 'ਤੇ ਪਟਾਕੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਦੀਵਾਲਾ ਨਿਕਲ ਜਾਵੇਗਾ। ਵਪਾਰ ਮੰਡਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਹੁਕਮ ਗਲਤ ਨਹੀਂ ਹੈ, ਪਰ ਇਹ ਨਿਰਦੇਸ਼ ਲਗਭਗ 6 ਮਹੀਨੇ ਪਹਿਲਾਂ ਆਉਣਾ ਚਾਹੀਦਾ ਸੀ ਤਾਂ ਕਿ ਵਪਾਰੀ ਜੋ ਪਹਿਲਾਂ ਹੀ ਨੋਟਬੰਦੀ ਅਤੇ ਜੀ. ਐੱਸ. ਟੀ. ਦੀ ਮਾਰ ਝੱਲ ਰਿਹਾ ਹੈ, ਉਹ ਪਟਾਕੇ ਖਰੀਦਣ 'ਤੇ ਜ਼ਿਆਦਾ ਪੈਸਾ ਨਾ ਲਾਉਂਦਾ। ਜੇਕਰ ਇਹ ਸਥਿਤੀ ਬਣੀ ਰਹੀ ਤਾਂ ਨਿਸ਼ਚਿਤ ਰੂਪ ਵਿਚ ਵਪਾਰੀ ਵਰਗ ਵੀ ਕਰਜ਼ੇ ਤੋਂ ਤੰਗ ਆ ਕੇ ਕਿਸਾਨਾਂ ਦੇ ਰਸਤੇ 'ਤੇ ਚੱਲ ਪਵੇਗਾ।


Related News