ਕਾਸਮੈਟਿਕ ਦਾ ਨਕਲੀ ਸਾਮਾਨ ਵੇਚਣ ਵਾਲੇ 2 ਦੁਕਾਨਦਾਰ ਕਾਬੂ

10/18/2017 2:57:30 AM

ਮੋਗਾ,   (ਆਜ਼ਾਦ)-  ਮੋਗਾ ਪੁਲਸ ਵੱਲੋਂ ਲੋਰੀਅਲ ਪੈਰਿਸ ਤੇ ਮਾਇਬੈਲਿਨੀ ਨਿਊਯਾਰਕ ਕੰਪਨੀ ਦਾ ਨਕਲੀ (ਡੁਪਲੀਕੇਟ) ਸਾਮਾਨ ਦੀ ਵਿਕਰੀ ਕਰਨ ਵਾਲੇ 2 ਦੁਕਾਨਦਾਰਾਂ ਨੂੰ ਕਾਬੂ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਇਸ ਬਾਰੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਨਾਇਨ ਤਾਰਾ ਡੈਮੀ ਕੰਸਲਟੈਂਟ ਅਟਾਰਨੀ ਆਫ ਲੋਰੀਅਲ ਲੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਮੁੰਬਈ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਮੋਗਾ ਦੇ ਕੁਝ ਦੁਕਾਨਦਾਰਾਂ ਵੱਲੋਂ ਲੋਰੀਅਲ ਪੈਰਿਸ ਅਤੇ ਮਾਇਬੈਲਿਨੀ ਨਿਊਯਾਰਕ ਕਾਸਮੈਟਿਕ ਕੰਪਨੀ ਦਾ ਨਕਲੀ ਸਾਮਾਨ ਵੇਚਿਆ ਜਾ ਰਿਹਾ ਹੈ, ਜਿਸ 'ਤੇ ਅਸੀਂ ਜਦੋਂ ਮਾਰਕੀਟ ਦਾ ਸਰਵੇ ਕੀਤਾ ਤਾਂ ਪਤਾ ਲੱਗਾ ਕਿ ਵਿਜੇ ਕੁਮਾਰ ਮੈਸ. ਵਿਜੇ ਦੀ ਹੱਟੀ ਮੇਨ ਬਾਜ਼ਾਰ ਮੋਗਾ ਅਤੇ ਮਨਮੋਹਨ ਗਰਗ ਮੈਸ. ਬਨਵਾਰੀ ਦੀ ਹੱਟੀ (ਮੇਨ ਬਾਜ਼ਾਰ) ਉਕਤ ਕੰਪਨੀਆਂ ਦਾ ਨਕਲੀ ਸਾਮਾਨ ਵੇਚਦੇ ਹਨ। 
ਥਾਣਾ ਸਿਟੀ ਸਾਊਥ ਦੇ ਇੰਚਾਰਜ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੰਪਨੀ ਅਧਿਕਾਰੀਆਂ ਦੇ ਨਾਲ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੂੰ ਪੁਲਸ ਪਾਰਟੀ ਸਮੇਤ ਉੱਥੇ ਭੇਜਿਆ ਅਤੇ ਉਕਤ ਦੁਕਾਨਾਂ ਦੀ ਤਲਾਸ਼ੀ ਲੈਣ 'ਤੇ ਉਕਤ ਕਾਸਮੈਟਿਕ ਕੰਪਨੀ ਲੋਰੀਅਲ ਦੇ 33 ਪ੍ਰੋਡਕਟਸ ਡੁਪਲੀਕੇਟ ਬਰਾਮਦ ਕੀਤੇ ਗਏ, ਜਿਸ ਨੂੰ ਉਹ ਅਸਲੀ ਲੋਰੀਅਲ ਪ੍ਰੋਡਕਟਸ ਕਹਿ ਕੇ ਵੇਚਦੇ ਸਨ। 
ਥਾਣਾ ਮੁਖੀ ਲਵਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਦੁਕਾਨਦਾਰਾਂ ਵਿਜੇ ਕੁਮਾਰ ਤੇ ਮਨਮੋਹਨ ਸਿੰਘ ਖਿਲਾਫ 63 ਕਾਪੀ ਰਾਈਟ ਐਕਟ 1957 ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਨੂੰ ਬਾਅਦ 'ਚ ਬਰ-ਜ਼ਮਾਨਤ ਰਿਹਾਅ ਕਰ ਦਿੱਤਾ ਗਿਆ।


Related News