ਨਿਗਮ ਤੇ ਟਰੱਸਟ ਦੇ ਭ੍ਰਿਸ਼ਟ ਕਰਮਚਾਰੀਆਂ ''ਤੇ ਸਿੱਧੂ ਦੇ ਦਫਤਰ ਦੀ ਤਿੱਖੀ ਨਜ਼ਰ

Monday, June 19, 2017 9:34 AM
ਨਿਗਮ ਤੇ ਟਰੱਸਟ ਦੇ ਭ੍ਰਿਸ਼ਟ ਕਰਮਚਾਰੀਆਂ ''ਤੇ ਸਿੱਧੂ ਦੇ ਦਫਤਰ ਦੀ ਤਿੱਖੀ ਨਜ਼ਰ

ਜਲੰਧਰ (ਪੁਨੀਤ)— ਇੰਪਰੂਵਮੈਂਟ ਟਰੱਸਟ ਦੇ ਰਿਸ਼ਵਤ ਕਾਂਡ ਮਾਮਲੇ ਵਿਚ ਸੰਦੀਪ ਨਾਮਕ ਕਰਮਚਾਰੀ ਦੇ ਫੜੇ ਜਾਣ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਚੌਕਨਾ ਹੋ ਚੁੱਕਾ ਹੈ, ਜਿਸ ਦੀ ਗਾਜ਼ ਤਬਾਦਲਿਆਂ ਦੇ ਰੂਪ ਵਿਚ ਕਰਮਚਾਰੀਆਂ 'ਤੇ ਡਿੱਗਣ ਦੇ ਆਸਾਰ ਹਨ। ਦੱਸਿਆ ਜਾ ਰਿਹਾ ਹੈ ਕਿ ਨਿਗਮ ਤੇ ਇੰਪਰੂਵਮੈਂਟ ਟਰੱਸਟ ਦੇ ਭ੍ਰਿਸ਼ਟ ਕਰਮਚਾਰੀਆਂ 'ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਫਤਰ ਦੀ ਤਿੱਖੀ ਨਜ਼ਰ ਹੈ ਅਤੇ ਇਨ੍ਹਾਂ ਕਰਮਚਾਰੀਆਂ ਦੀਆਂ ਲਿਸਟਾਂ ਤਿਆਰ ਹੋ ਰਹੀਆਂ ਹਨ, ਜਿਨ੍ਹਾਂ 'ਤੇ ਕਾਰਵਾਈ ਹੋਵੇਗੀ।
ਕੁਝ ਕਰਮਚਾਰੀ ਦੱਸਦੇ ਹਨ ਕਿ ਅਜਿਹੇ ਕਰਮਚਾਰੀਆਂ ਦੀ ਜੇਕਰ ਜਾਇਦਾਦ ਦੀ ਜਾਂਚ ਕਰਵਾਈ ਜਾਵੇ ਤਾਂ ਵੱਡੇ ਪੱਧਰ 'ਤੇ ਹੋਏ ਘਪਲਿਆਂ ਦਾ ਪਰਦਾਫਾਸ਼ ਹੋ ਸਕਦਾ ਹੈ। ਇੰਪਰੂਵਮੈਂਟ ਟਰੱਸਟ ਤੇ ਨਿਗਮ ਦੇ ਇਨ੍ਹਾਂ ਭ੍ਰਿਸ਼ਟ ਕਰਮਚਾਰੀਆਂ ਦੇ ਘਰਾਂ ਵਿਚ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਾਲ ਇਨ੍ਹਾਂ ਦੇ ਘਰਾਂ ਵਿਚ ਲਗਜ਼ਰੀ ਸੁਵਿਧਾਵਾਂ ਹਨ, ਮਹਿੰਗੀਆਂ ਕਾਰਾਂ, ਮਹਿੰਗੀਆਂ ਬਾਈਕਸ ਹੋਣ ਦੇ ਨਾਲ-ਨਾਲ ਕਈ ਪ੍ਰਾਪਰਟੀਆਂ ਇਨ੍ਹਾਂ ਦੇ ਤੇ ਇਨ੍ਹਾਂ ਦੇ ਪਰਿਵਾਰ ਦੇ ਨਾਂ 'ਤੇ ਬੋਲ ਰਹੀਆਂ ਹਨ। ਨਗਰ ਨਿਗਮ ਵਿਚ ਲੰਬੇ ਸਮੇਂ ਤਕ ਤਹਿਬਾਜ਼ਾਰੀ ਵਿਚ ਕੰਮ ਕਰ ਚੁੱਕੇ ਕਈ ਕਰਮਚਾਰੀਆਂ ਦੀ ਇਸ ਤਰ੍ਹਾਂ ਨਾਲ ਸੈਟਿੰਗ ਹੈ ਕਿ ਉਹ ਤਬਾਦਲਿਆਂ ਦੇ ਬਾਅਦ ਵੀ ਨਾਜਾਇਜ਼ ਵਸੂਲੀ ਬੰਦ ਨਹੀਂ ਕਰ ਰਹੇ।
ਇਨ੍ਹਾਂ ਕਰਮਚਾਰੀਆਂ ਦੀਆਂ ਵਿਦੇਸ਼ ਯਾਤਰਾਵਾਂ ਵੀ ਚਰਚਾ ਦਾ ਵਿਸ਼ਾ ਹਨ ਪਰ ਅਕਾਲੀ ਸਰਕਾਰ ਦੇ ਸਮੇਂ ਇਨ੍ਹਾਂ ਕਰਮਚਾਰੀਆਂ 'ਤੇ ਨੇਤਾ ਮੇਹਰਬਾਨ ਰਹੇ ਅਤੇ ਉਕਤ ਕਰਮਚਾਰੀ ਮੋਟੀ ਕਮਾਈ ਕਰਦੇ ਰਹੇ। ਅਜਿਹੇ ਕਰਮਚਾਰੀਆਂ ਨੂੰ ਹੁਣ ਕਾਂਗਰਸ ਸਰਕਾਰ ਵਿਚ ਗਾਜ ਡਿੱਗਣ ਦਾ ਡਰ ਸਤਾਉਣ ਲੱਗਾ ਹੈ, ਜਿਸਦੇ ਕਾਰਨ ਇਨ੍ਹਾਂ ਕਰਮਚਾਰੀਆਂ ਨੇ ਵੱਡੇ ਨੇਤਾਵਾਂ ਤਕ ਕਿਸੇ ਦੇ ਜ਼ਰੀਏ ਸੰਪਰਕ ਸਥਾਪਿਤ ਕਰਨ ਦੇ ਲਈ ਮੋਹਰੇ ਫਿੱਟ ਕਰਨੇ ਸ਼ੁਰੂ ਕਰ ਦਿੱਤੇ ਹਨ। ਇੰਸਪੈਕਟਰ ਇੰਦਰਜੀਤ 'ਤੇ ਕਾਰਵਾਈ ਨਾਲ ਜਿਸ ਤਰ੍ਹਾਂ ਵੱਡੀ ਕੁਰੱਪਸ਼ਨ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ, ਉਸੇ ਤਰ੍ਹਾਂ ਇਨ੍ਹਾਂ ਕਰਮਚਾਰੀਆਂ 'ਤੇ ਜਦ ਕਾਰਵਾਈ ਹੋਵੇਗੀ ਤਾਂ ਕਈ ਘਪਲਿਆਂ ਤੋਂ ਪਰਦਾ ਉਠੇਗਾ। ਇਨ੍ਹਾਂ ਕਰਮਚਾਰੀਆਂ ਨੇ ਪੈਸਾ ਖਾ ਕੇ ਗਲਤ ਢੰਗ ਨਾਲ ਕਈ ਬਿਲਡਿੰਗਾਂ ਬਣਨ ਦਿੱਤੀਆਂ, ਜਿਸ ਦੀ ਰਿਪੋਰਟ ਵੀ ਲੋਕਲ ਬਾਡੀਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤਕ ਪਹੁੰਚ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਵਾਅਦੇ ਮੁਤਾਬਕ ਭ੍ਰਿਸ਼ਟ ਕਰਮਚਾਰੀਆਂ 'ਤੇ ਸ਼ਿਕੰਜਾ ਕੱਸ ਕੇ ਜਨਤਾ ਨੂੰ ਰਾਹਤ ਦੇਵੇ ਕਿਉਂਕਿ ਲੋਕਾਂ ਨੂੰ ਜਦ ਸਰਕਾਰੀ ਦਫਤਰਾਂ ਵਿਚ ਆਪਣੇ ਕੰਮ ਲਈ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਦਾ ਪਾਲਾ ਇਨ੍ਹਾਂ ਕਾਲੀਆਂ ਭੇਡਾਂ ਨਾਲ ਪੈਂਦਾ ਹੈ ਅਤੇ ਰਿਸ਼ਵਤ ਦੇ ਕੇ ਹੀ ਉਨ੍ਹਾਂ ਦੀ ਫਾਈਲ ਅੱਗੇ ਵਧਦੀ ਹੈ। ਇਥੇ ਵਰਣਨਯੋਗ ਹੈ ਕਿ 'ਪੰਜਾਬ ਕੇਸਰੀ ਗਰੁੱਪ' ਨੇ ਬੀਤੇ ਦਿਨੀਂ ਦੱਸਿਆ ਸੀ ਕਿ ਇੰਪਰੂਵਮੈਂਟ ਟਰੱਸਟ ਤੇ ਨਿਗਮ ਦੇ ਕਈ ਕਰਮਚਾਰੀ ਲੰਬੇ ਸਮੇਂ ਤੋਂ ਆਪਣੀ ਕੁਰਸੀ 'ਤੇ ਫੈਵੀਕੋਲ ਲਗਾ ਕੇ ਚਿੰਬੜੇ ਹੋਏ ਹਨ ਅਤੇ ਆਪਣੀ ਕੁਰਸੀ ਦਾ ਰੋਅਬ ਦਿਖਾ ਕੇ ਰਿਸ਼ਵਤ ਵਜੋਂ ਵਿਚ ਲੱਖਾਂ ਰੁਪਏ ਕਮਾ ਰਹੇ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!