ਕਬਜ਼ਾਧਾਰੀਆਂ ''ਤੇ ਚੱਲਿਆ ਨਿਗਮ ਦਾ ਪੀਲਾ ਪੰਜਾ

12/12/2017 7:52:24 AM

ਫਗਵਾੜਾ, (ਰੁਪਿੰਦਰ ਕੌਰ, ਮੁਕੇਸ਼)- ਨਾਜਾਇਜ਼ ਕਬਜ਼ਿਆਂ 'ਤੇ ਚੱਲ ਰਹੀ ਕਾਰਵਾਈ ਨੂੰ ਅੱਜ ਅੱਗੇ ਵਧਾਉਂਦਿਆਂ ਨਗਰ ਨਿਗਮ ਫਗਵਾੜਾ ਵਲੋਂ ਕਮਿਸ਼ਨਰ ਬਖਤਾਵਰ ਸਿੰਘ ਆਈ. ਏ. ਐੱਸ. ਤੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਚੀਮਾ ਤਹਿਬਾਜ਼ਾਰੀ, ਬਿਲਡਿੰਗ ਵਿਭਾਗ ਤੇ ਹੈਲਥ ਵਿਭਾਗ ਵਲੋਂ ਸਾਂਝੀ ਕਾਰਵਾਈ ਕਰਦੇ ਹੋਏ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕੀਤਾ ਗਿਆ। 
ਨਿਗਮ ਕਮਿਸ਼ਨਰ ਦੀ ਹਾਜ਼ਰੀ 'ਚ ਕੀਤੀ ਭੰਨਤੋੜ 
ਨਗਰ ਨਿਗਮ ਵਲੋਂ ਇਹ ਕਾਰਵਾਈ ਗੋਲ ਚੌਕ ਤੋਂ ਚਲਦੇ ਹੋਏ ਜੀ. ਟੀ. ਰੋਡ ਉਪਰ ਤੇ ਬੱਸ ਸਟੈਂਡ ਦੇ ਆਸ-ਪਾਸੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ, ਰੇਹੜੀਆਂ, ਫੜ੍ਹੀਆਂ ਆਦਿ ਨੂੰ ਜਿਥੋਂ ਤਕ ਹੋ ਸਕਦਾ ਸੀ ਤੋੜ ਹੀ ਦਿੱਤਾ ਗਿਆ, ਖੋਖੇ ਆਦਿ ਕਈ ਤਾਂ ਟੁੱਟ ਗਏ, ਕਈ ਰਿਕਸ਼ੇ 'ਚ ਲੱਦ ਕੇ ਆਪਣੇ-ਆਪਣੇ ਘਰਾਂ ਨੂੰ ਲੈ ਕੇ ਗਏ। ਪੱਕੀਆਂ ਕਬਜ਼ਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਜੋ ਕਿ ਦੁਕਾਨਦਾਰਾਂ ਵਲੋਂ ਆਪ ਹੀ ਲਾਹੁਣ ਦੀ ਬੇਨਤੀ ਕੀਤੀ ਗਈ ਕਿ ਤੋੜੋ ਨਾ ਅਸੀਂ ਖੁਦ ਹੀ ਹਟ ਜਾਂਦੇ ਹਾਂ।
ਕੀ ਫਰਕ ਸੀ ਅੱਜ ਤੇ ਪਹਿਲਾਂ ਦੀ ਕਾਰਵਾਈ 'ਚ 
ਅੱਜ ਨਿਗਮ ਕਮਿਸ਼ਨਰ ਦੀ ਹਾਜ਼ਰੀ 'ਚ ਸਹਾਇਕ ਨਿਗਮ ਕਮਿਸ਼ਨਰ ਵਲੋਂ ਟੀਮ ਵਲੋਂ ਬੁਲਡੋਜ਼ਰ ਨਾਲ ਤੋੜ-ਭੰਨ ਕੀਤੀ ਗਈ ਤੇ ਟਰਾਲੀ 'ਚ ਕਬਾੜ ਲੱਦਿਆ ਗਿਆ। ਹੁੰਦੀ ਤਾਂ ਪਹਿਲਾਂ ਵੀ ਕਾਰਵਾਈ ਸੀ ਪਰ ਤੋੜ ਭੰਨ ਦੀ ਬਜਾਏ ਖੋਖੇ ਰੇਹੜੀਆਂ ਸਹੀ ਹਾਲਤ 'ਚ ਚੁੱਕ ਕੇ ਬਾਅਦ 'ਚ ਮਾਫੀਨਾਮੇ ਨਾਲ ਵਾਪਸ ਦਿੱਤੀਆਂ ਜਾਂਦੀਆਂ ਸੀ। ਇਸ 'ਤੇ ਕਮਿਸ਼ਨਰ ਬਖਤਾਵਰ ਨੇ ਕਿਹਾ ਕਿ ਇਸ ਵਾਰ ਜੋ ਕੋਈ ਦੁਬਾਰਾ ਕਬਜ਼ਾ ਕਰਨ ਦੀ ਸੋਚੂਗਾ ਤਾਂ ਉਸਨੂੰ ਨਵੀਂ ਰੇਹੜੀ ਜਾਂ ਖੋਖਾ ਬਣਾਉਣਾ ਪਊਗਾ, ਜਿਸਨੂੰ ਫਿਰ ਤੋੜਾਂਗੇ।
ਪੁਲਸ ਨੇ ਵੀ ਦਿੱਤਾ ਨਿਗਮ ਦਾ ਪੂਰਾ ਸਾਥ 
ਅੱਜ ਦੀ ਕਾਰਵਾਈ ਨੂੰ ਦੇਖਦੇ ਫਗਵਾੜਾ ਐੱਸ. ਪੀ. ਭੰਡਾਲ ਨੇ ਆਪ ਟ੍ਰੈਫਿਕ ਤੇ ਸਿਟੀ ਪੁਲਸ ਦੇ ਐੱਸ. ਐੱਚ. ਓ. ਨੂੰ ਵੀ ਹੁਕਮ ਦਿੱਤਾ ਕਿ ਉਹ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਣ ਲਈ ਨਿਗਮ ਦਾ ਪੂਰਾ ਸਾਥ ਦੇਣ ਤੇ ਕਬਜ਼ਾਧਾਰੀਆਂ ਨੂੰ ਹਟਾਉਣ ਲਈ ਉਨ੍ਹਾਂ 'ਤੇ ਸਖਤ ਕਾਰਵਾਈ ਵੀ ਕਰਨ। ਇਸ ਮੌਕੇ ਟ੍ਰੈਫਿਕ ਐੱਸ. ਐੱਚ. ਓ. ਸੁੱਚਾ ਸਿੰਘ, ਸਿਟੀ ਐੱਸ. ਐੱਚ. ਓ. ਭਰਤ ਮਸੀਹ ਤੇ ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਅਮਨ ਵੀ ਮੌਜੂਦ ਸਨ, ਜਿਸ ਨਾਲ ਸ਼ਹਿਰ 'ਤੇ ਅੱਜ ਪੂਰਾ ਦਬਦਬਾ ਰਿਹਾ, ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵੱਡੀ ਕਾਰਵਾਈ ਦੀ ਉਲੰਘਣਾ ਸ਼ਾਇਦ ਹੀ ਹੋਵੇ। ਇਸ ਕਾਰਵਾਈ 'ਚ ਪਰਮਪਾਲ ਸਿੰਘ ਐੱਸ. ਟੀ. ਪੀ., ਸੁਰਿੰਦਰ ਸਿੰਘ ਚੀਫ, ਸੈਨੇਟਰੀ ਇੰਸਪੈਕਟਰ, ਸੰਤੋਖ ਸਿੰਘ ਸੁਪਰਡੈਂਟ, ਹਰਮਿੰਦਰ ਛਾਬੜਾ, ਰਮਨ ਕੁਮਾਰ, ਪਾਲ ਪਰਨੀਤ ਸਿੰਘ, ਨਰੇਸ਼ ਕੁਮਾਰ, ਤਰਸੇਮ ਲਾਲ ਆਦਿ ਸ਼ਾਮਲ ਸਨ। 


Related News