ਰੰਜਿਸ਼ ਕਾਰਨ 2 ਧਿਰਾਂ ''ਚ ਝਗੜਾ, 2 ਔਰਤਾਂ ਸਮੇਤ 6 ਨਾਮਜ਼ਦ

10/19/2017 1:28:41 PM


ਮੋਗਾ (ਆਜ਼ਾਦ)- ਜ਼ਿਲੇ ਦੇ ਪਿੰਡ ਤਲਵੰਡੀ ਨੌ ਬਹਾਰ ਕੋਲ ਰੰਜਿਸ਼ ਕਾਰਨ 2 ਧਿਰਾਂ ਵਿਚਕਾਰ ਹੋਏ ਲੜਾਈ-ਝਗੜੇ 'ਚ ਬੂਟਾ ਸਿੰਘ, ਮੰਗਲ ਸਿੰਘ, ਅਮਰਜੀਤ ਸਿੰਘ, ਬਚਨ ਕੌਰ ਤੋਂ ਇਲਾਵਾ ਦੂਸਰੀ ਧਿਰ ਦੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਸਵਰਨ ਕੌਰ ਸਾਰੇ ਨਿਵਾਸੀ ਪਿੰਡ ਦੌਲੇਵਾਲਾ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਕੋਟ ਈਸੇ ਖਾਂ ਦੇ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਸ ਨੇ ਦੋਵਾਂ ਧਿਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਬੂਟਾ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਪਿੰਡ ਦੌਲੇਵਾਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਮੰਗਲ ਸਿੰਘ ਨਿਵਾਸੀ ਪਿੰਡ ਮੰਦਰ, ਸਾਲਾ ਅਮਰਜੀਤ ਸਿੰਘ ਨਿਵਾਸੀ ਪਿੰਡ ਦੌਲੇਵਾਲਾ ਅਤੇ ਮਾਤਾ ਬਚਨ ਕੌਰ ਦੇ ਨਾਲ ਵੱਖ-ਵੱਖ ਮੋਟਰਸਾਈਕਲਾਂ 'ਤੇ ਕੋਟ ਈਸੇ ਤੋਂ ਪਿੰਡ ਦੌਲੇਵਾਲਾ ਨੂੰ ਜਾ ਰਹੇ ਸੀ ਕਿ ਰਸਤੇ 'ਚ ਗੁਰਪ੍ਰੀਤ ਸਿੰਘ ਉਰਫ ਪ੍ਰੀਤ, ਬਗੀਚਾ ਸਿੰਘ, ਗੁਰਨਾਮ ਸਿੰਘ ਉਰਫ ਰਾਮਾਂ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਅਤੇ ਗੁਰਵਿੰਦਰ ਸਾਰੇ ਨਿਵਾਸੀ ਪਿੰਡ ਦੌਲੇਵਾਲਾ, ਜੋ ਹਥਿਆਰਾਂ ਨਾਲ ਲੈਸ ਸੀ, ਗੱਡੀ 'ਤੇ ਸਵਾਰ ਸਨ, ਜਿਨ੍ਹਾਂ ਨੇ ਸਾਨੂੰ ਰਸਤੇ 'ਚ ਘੇਰ ਲਿਆ ਅਤੇ ਮੇਰੀ ਮਾਤਾ ਸਮੇਤ ਸਾਰਿਆਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਲੱਗੇ, ਜਿਸ 'ਤੇ ਅਸੀਂ ਰੌਲਾ ਪਾਇਆ ਤਾਂ ਉਕਤ ਸਾਰੇ ਦੋਸ਼ੀ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉੱਥੋਂ ਭੱਜ ਗਏ। ਉਨ੍ਹਾਂ ਸਾਡੇ ਮੋਟਰਸਾਈਕਲਾਂ ਦੀ ਵੀ ਭੰਨ-ਤੋੜ ਕੀਤੀ ਅਤੇ ਸਾਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਕੋਟ ਈਸੇ ਖਾਂ ਦਾਖਲ ਕਰਵਾਇਆ।  ਬੂਟਾ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਸਾਡੇ ਘਰ ਦੇ ਅੱਗੇ ਬੁਲਟ 'ਤੇ ਪਟਾਕੇ ਮਾਰਦਾ ਸੀ। ਮੈਂ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮੇਰੀ ਕੋਈ ਗੱਲ ਨਾ ਸੁਣੀ। ਇਸ ਗੱਲ ਨੂੰ ਲੈ ਕੇ ਉਹ ਸਾਡੇ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ। 
ਇਸ ਸਬੰਧੀ ਦੂਸਰੀ ਧਿਰ ਦੇ ਜ਼ਖ਼ਮੀ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਬਗੀਚਾ ਸਿੰਘ ਨਿਵਾਸੀ ਪਿੰਡ ਦੌਲੇਵਾਲਾ ਨੇ ਕਿਹਾ ਕਿ ਉਹ ਆਪਣੀ ਗੱਡੀ 'ਤੇ ਆਪਣੀ ਮਾਤਾ ਸਵਰਨ ਕੌਰ ਨੂੰ ਦਵਾਈ ਦਿਵਾਉਣ ਲਈ ਕੋਟ ਈਸੇ ਖਾਂ ਜਾ ਰਿਹਾ ਸੀ ਕਿ ਰਸਤੇ 'ਚ ਦੋਸ਼ੀਆਂ ਬੂਟਾ ਸਿੰਘ ਅਤੇ 5-6 ਹੋਰ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਮੇਰੀ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਜਦੋਂ ਮੇਰੀ ਮਾਤਾ ਸਵਰਨ ਕੌਰ ਨੇ ਮੈਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਮੈਂ ਉਨ੍ਹਾਂ ਦੀ ਰਿਸ਼ਤੇਦਾਰ ਭਾਣਜੀ ਦਾ ਰਿਸ਼ਤਾ ਛੱਡਿਆ ਸੀ, ਜਿਸ ਕਾਰਨ ਉਹ ਸਾਡੇ ਨਾਲ ਰੰਜਿਸ਼ ਰੱਖਦੇ ਆ ਰਹੇ ਸੀ। ਇਸ ਰੰਜਿਸ਼ ਕਰਾਨ ਹੀ ਉਨ੍ਹਾਂ ਸਾਡੇ 'ਤੇ ਹਮਲਾ ਕੀਤਾ।


Related News