55 ਕਿਲੋ ਭੁੱਕੀ ਸਣੇ 2 ਕਾਬੂ

06/26/2017 7:33:40 AM

ਮਲੌਦ, (ਇਕਬਾਲ)- ਥਾਣਾ ਮੁਖੀ ਮਲੌਦ ਇੰਸਪੈਕਟਰ ਹਰਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਏ. ਐੱਸ. ਆਈ. ਨਛੱਤਰ ਸਿੰਘ ਸਮੇਤ ਪੁਲਸ ਪਾਰਟੀ ਨੇ 2 ਵਿਅਕਤੀਆਂ ਤੋਂ 55 ਕਿਲੋ ਭੁੱਕੀ ਫੜਨ ਦਾ ਦਾਅਵਾ ਕੀਤਾ। ਜਾਣਕਾਰੀ ਦਿੰਦੇ ਹੋਏ ਥਾਣਾ ਮਲੌਦ ਦੇ ਐੱਸ. ਐੱਚ. ਓ. ਇੰਸਪੈਕਟਰ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਏ. ਐੱਸ. ਆਈ. ਨਛੱਤਰ ਸਿੰਘ ਦੀ ਅਗਵਾਈ ਹੇਠ ਹੌਲਦਾਰ ਸੁਰਜੀਤ ਸਿੰਘ, ਸਿਪਾਹੀ ਰਮਨਦੀਪ ਸਿੰਘ ਅਤੇ ਸਿਪਾਹੀ ਸੋਹਣ ਸਿੰਘ ਸਮੇਤ ਡਰਾਈਵਰ ਕਰਮਜੀਤ ਸਿੰਘ ਪੁਲਸ ਪਾਰਟੀ ਸਰਕਾਰੀ ਗੱਡੀ 'ਚ ਗਸ਼ਤ ਕਰ ਰਹੀ ਸੀ ਕਿ ਜਦੋਂ ਸ਼ਾਮ 5 ਵਜੇ ਕਰੀਬ ਪੁਲਸ ਪਾਰਟੀ ਟੀ ਪੁਆਇੰਟ ਬੱਸ ਅੱਡਾ ਰੋੜੀਆਂ ਪੁੱਜੇ ਤਾਂ ਕੁੱਪ ਵਾਲੀ ਸਾਈਡ ਤੋਂ ਇਕ ਕਾਰ ਏਸੈਂਟ ਆਉਂਦੀ ਦਿਖਾਈ ਦਿੱਤੀ। ਕਾਰ 'ਚ ਡਰਾਈਵਰ ਸਮੇਤ 2 ਵਿਅਕਤੀ ਸਵਾਰ ਸਨ। 
ਪੁਲਸ ਪਾਰਟੀ ਵੱਲੋਂ ਜਦੋਂ ਕਾਰ ਨੂੰ ਰੋਕਿਆ ਗਿਆ ਤਾਂ ਕਾਰ ਦੀ ਤਲਾਸ਼ੀ ਲੈਣ 'ਤੇ ਕਾਰ ਦੀ ਡਿੱਗੀ 'ਚੋਂ ਥੈਲਾ ਪਲਾਸਟਿਕ ਬਰਾਮਦ ਹੋਇਆ। ਥੈਲਾ ਖੋਲ੍ਹਣ 'ਤੇ 55 ਕਿਲੋ ਭੁੱਕੀ ਮਿਲ ਗਈ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਅਤੇ ਜਗਦੇਵ ਸਿੰਘ ਵਜੋਂ ਹੋਈ। ਐੱਸ. ਐੱਚ. ਓ ਇੰਸਪੈਕਟਰ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਕਾਰ ਦੇ ਅੱਗੇ ਪਿੱਛੇ ਜਾਅਲੀ ਨੰਬਰ ਪਲੇਟਾਂ ਲਾਈਆਂ ਹੋਈਆਂ ਸਨ। ਕਥਿਤ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਇਸ ਮੌਕੇ ਏ. ਐੱਸ. ਆਈ. ਨਛੱਤਰ ਸਿੰਘ , ਹੌਲਦਾਰ ਸੁਰਜੀਤ ਸਿੰਘ, ਸਿਪਾਹੀ ਰਮਨਦੀਪ ਸਿੰਘ ਅਤੇ ਸਿਪਾਹੀ ਸੋਹਣ ਸਿੰਘ, ਮੁੱਖ ਮੁਨਸ਼ੀ ਨਿਰਮਲ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।


Related News