ਹੈਰੋਇਨ ਸਮੇਤ 3 ਕਾਬੂ

09/21/2017 6:04:32 AM

ਝਬਾਲ/ਬੀੜ ਸਾਹਿਬ,(ਲਾਲੂਘੁੰਮਣ, ਬਖਤਾਵਰ, ਭਾਟੀਆ)- ਨਾਰਕੋਟਿਕ ਸੈੱਲ ਤਰਨਤਾਰਨ ਵੱਲੋਂ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਦੋਸ਼ੀ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਕੇ ਪੁਲਸ ਨੇ ਤਫਤੀਸ਼ ਆਰੰਭ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਨਾਰਕੋਟਿਕ ਸੈੱਲ ਤਰਨਤਾਰਨ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਸਮੇਤ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਅਤੇ ਨਾਰਕੋਟਿਕ ਸੈੱਲ ਪੁਲਸ ਪਾਰਟੀ ਵੱਲੋਂ ਬੀਤੇ ਕੱਲ ਤਰਨਤਾਰਨ ਤੋਂ ਝਬਾਲ ਨੂੰ ਗਸ਼ਤ ਕੀਤੀ ਜਾ ਰਹੀ ਸੀ ਕਿ ਝਬਾਲ ਸਥਿਤ ਡੇਰਾ ਰਾਧਾ ਸੁਆਮੀ ਨਜ਼ਦੀਕ ਪੈਦਲ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਹੱਥ 'ਚ ਫੜੇ ਇਕ ਮੋਮੀ ਲਿਫਾਫੇ ਨੂੰ ਹੇਠਾਂ ਜ਼ਮੀਨ 'ਤੇ ਸੁੱਟ ਕੇ ਫਰਾਰ ਹੋਣ ਲੱਗਾ, ਜਿਸ ਨੂੰ ਕਾਬੂ ਕਰ ਕੇ ਜਦੋਂ ਉਸ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੀ ਪਛਾਣ ਸੁਰਜੀਤ ਸਿੰਘ ਉਰਫ ਗੱਬਰ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਝਬਾਲ ਦੱਸੀ। ਸੁੱਟੇ ਗਏ ਮੋਮੀ ਲਿਫਾਫੇ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਥਾਣਾ ਝਬਾਲ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਤਰਨਤਾਰਨ,  (ਧਰਮ ਪੰਨੂੰ)-ਸਥਾਨਕ ਪੁਲਸ ਨੇ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ 'ਚ ਗਸ਼ਤ ਦੌਰਾਨ ਗੁਰਸੇਵਕ ਸਿੰਘ ਪੁੱਤਰ ਬਿਕਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਭਿੱਖੀਵਿੰਡ ਨੂੰ ਭੈਣੀ ਗੁਰਮੁਖ ਸਿੰਘ ਵਿਖੇ ਰੋਕਿਆ। ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।


Related News